ਤੁਹਾਨੂੰ 24 ਘੰਟੇ ਵਿੱਚ ਕਿੰਨੀ ਵਾਰ ਮਲ਼ ਤਿਆਗਣਾ ਚਾਹੀਦਾ ਹੈ, ਮਲ਼ ਤਿਆਗਣ ਦੇ ਸਮੇਂ ਅਤੇ ਰੰਗ ਤੋਂ ਸਿਹਤ ਬਾਰੇ ਕੀ ਪਤਾ ਲੱਗਦਾ ਹੈ

Facebook Twitter LinkedIn
ਤੁਹਾਨੂੰ 24 ਘੰਟੇ ਵਿੱਚ ਕਿੰਨੀ ਵਾਰ ਮਲ਼ ਤਿਆਗਣਾ ਚਾਹੀਦਾ ਹੈ, ਮਲ਼ ਤਿਆਗਣ ਦੇ ਸਮੇਂ ਅਤੇ ਰੰਗ ਤੋਂ ਸਿਹਤ ਬਾਰੇ ਕੀ ਪਤਾ ਲੱਗਦਾ ਹੈ

ਕੀ ਤੁਸੀਂ ਦਿਨ ਵਿੱਚ ਤਿੰਨ ਵਾਰ ਟਾਇਲਟ ਜਾਂਦੇ ਹੋ ਜਾਂ ਫਿਰ ਟਾਇਲਟ ਜਾਣਾ ਤੁਹਾਡੇ ਲਈ ਬੇਹੱਦ ਦੁਰਲਭ ਅਤੇ ਖ਼ਾਸ ਅਵਸਰ ਹੁੰਦਾ ਹੈ?

ਸਭ ਤੋਂ ਅਹਿਮ, ਤੁਸੀਂ ਕਿੰਨੀ ਵਾਰ ਟਾਇਲਟ ਜਾਂਦੇ ਹੋ ਤੇ ਇਸ ਨਾਲ ਤੁਹਾਡੀ ਸਿਹਤ ਬਾਰੇ ਕੀ ਪਤਾ ਲੱਗਦਾ ਹੈ?

ਹੁਣ ਤੁਸੀਂ ਆਰਾਮ ਨਾਲ ਬੈਠ ਜਾਓ ਅਤੇ ਮਲ ਤਿਆਗਣ ਦੇ ਵਿਗਿਆਨ ਬਾਰੇ ਸਮਝੋ।

ਅਸੀਂ ਮਲ ਤਿਆਗਣ ਕਿੰਨੀ ਵਾਰ ਜਾਂਦੇ ਹਾਂ, ਇਹ ਹਰੇਕ ਵਿਅਕਤੀ ਉੱਤੇ ਨਿਰਭਰ ਕਰਦਾ ਹੈ। ਹਰ ਵਾਰ ਜਦੋਂ ਅਸੀਂ ਖਾਂਦੇ ਹਾਂ, ਵੱਡੀ ਅੰਤੜੀ ਸੁੰਗਰੜਦੀ ਹੈ ਅਤੇ ਭੋਜਨ ਨੂੰ ਪਾਚਨ ਤੰਤਰ ਵਿੱਚ ਧੱਕਦੀ ਹੈ।

ਇਸ ਆਟੋਮੈਟਿਕ "ਗੈਸਟ੍ਰੋ-ਕੋਲਿਕ ਰਿਫਲੈਕਸ" ਦੇ ਨਤੀਜੇ ਵਜੋਂ ਹਾਰਮੋਨ ਨਿਕਲਦੇ ਹਨ ਜੋ ਅੰਤੜੀਆਂ ਨੂੰ ਮਲ ਤਿਆਗਣ ਦੀ ਇੱਛਾ ਨੂੰ ਪੈਦਾ ਕਰਦੇ ਹਨ, ਜਿਸਨੂੰ "ਕਾਲ ਟੂ ਸਟੂਲ" ਕਿਹਾ ਜਾਂਦਾ ਹੈ।

ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਇਸ ਇੱਛਾ ਨੂੰ ਦਬਾਉਣਾ ਸਿੱਖ ਲਿਆ ਹੈ, ਜਿਸ ਦਾ ਮਤਲਬ ਹੈ ਕਿ ਦਿਨ ਵਿੱਚ ਇੱਕ ਵਾਰ ਜਾਂ ਇਸ ਤੋਂ ਘੱਟ ਵਾਰ ਮਲ ਤਿਆਗਣਾ ਇੱਕ ਨਵਾਂ ਨਿਯਮ ਬਣ ਗਿਆ ਹੈ।

ਆਸਟ੍ਰੇਲੀਆ ਦੇ ਕੈਨਬਰਾ ਹਸਪਤਾਲ ਦੇ ਗੈਸਟ੍ਰੋਐਂਟਰੌਲੋਜਿਸਟ ਅਤੇ ਜਨਰਲ ਮੈਡੀਸਨ ਫਿਜ਼ੀਸ਼ੀਅਨ, ਐੱਮਡੀ ਮਾਰਟਿਨ ਵੈਸੀ ਕਹਿੰਦੇ ਹਨ, "ਅਸੀਂ ਸਾਰੇ ਇੰਨੇ ਮਸਰੂਫ਼ ਹਾਂ ਕਿ ਸਾਡੇ ਕੋਲ ਟਾਇਲਟ ਜਾਣ ਦਾ ਸਮਾਂ ਨਹੀਂ ਹੈ।"

ਰਵਾਇਤੀ ਤੌਰ 'ਤੇ, ਇਹ ਅਕਸਰ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਦਿਨ ਵਿੱਚ ਇੱਕ ਵਾਰ ਮਲ ਤਿਆਗਣਾ ਚੰਗੀਆਂ ਅੰਤੜੀਆਂ ਦੀ ਸਿਹਤ ਦੀ ਨਿਸ਼ਾਨੀ ਹੈ। ਪਰ ਪਹਿਲਾਂ ਇਹ ਨਹੀਂ ਪਤਾ ਹੁੰਦਾ ਸੀ ਕਿ ਅੰਤੜੀਆਂ ਦੀ ਹਰਕਤ ਦੇ ਮਾਮਲੇ ਵਿੱਚ 'ਆਮ' ਕੀ ਹੈ।

ਇੱਕ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਇੱਕ ਵਾਰ ਮਲ ਤਿਆਗਣ ਤੋਂ ਲੈ ਕੇ ਇੱਕ ਦਿਨ ਵਿੱਚ 24 ਵਾਰ ਤੱਕ ਟਾਇਲਟ ਜਾਣਾ ਆਮ ਮੰਨਿਆ ਜਾ ਸਕਦਾ ਹੈ।

ਹਾਲਾਂਕਿ, ਯੂਕੇ ਵਿੱਚ ਬ੍ਰਿਸਟਲ ਰਾਇਲ ਇਨਫਰਮਰੀ ਦੇ ਸਲਾਹਕਾਰ ਡਾਕਟਰ ਕੇਨ ਹੀਟਨ ਵਰਗੇ ਵਿਗਿਆਨੀਆਂ ਦੇ ਮੋਹਰੀ ਕੰਮ ਸਦਕਾ, ਅਸੀਂ ਹੁਣ ਬਿਹਤਰ ਜਾਣਦੇ ਹਾਂ।

1980 ਦੇ ਦਹਾਕੇ ਦੇ ਅਖੀਰ ਵਿੱਚ ਕੀਟਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੂਰਬੀ ਬ੍ਰਿਸਟਲ ਦੇ ਨਿਵਾਸੀਆਂ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ਤੋਂ ਇੱਕ ਬਹੁਤ ਹੀ ਬੇਤੁਕਾ ਸਵਾਲ ਪੁੱਛਿਆ - ਤੁਸੀਂ ਕਿੰਨੀ ਵਾਰ ਮਲ ਤਿਆਗ ਕਰਦੇ ਹੋ?

ਨਤੀਜਿਆਂ ਨੇ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਬਹੁਤ ਵਿਭਿੰਨਤਾ ਪ੍ਰਗਟ ਕੀਤੀ।

ਹਾਲਾਂਕਿ ਸਭ ਤੋਂ ਆਮ ਮਲ ਤਿਆਗਣ ਦੀ ਆਦਤ ਰੋਜ਼ਾਨਾ ਇੱਕ ਵਾਰ ਟਾਇਲਟ ਜਾਣਾ ਸੀ, ਪਰ ਸਿਰਫ਼ 40 ਫੀਸਦ ਮਰਦ ਅਤੇ 33 ਫੀਸਦ ਔਰਤਾਂ ਨੇ ਇਸ ਅਭਿਆਸ ਦੀ ਪਾਲਣਾ ਕੀਤੀ।

ਕੁਝ ਲੋਕ ਹਫ਼ਤੇ ਵਿੱਚ ਇੱਕ ਵਾਰ ਤੋਂ ਵੀ ਘੱਟ ਵਾਰ ਮਲ ਤਿਆਗਦੇ ਸਨ ਜਦਕਿ ਕੁਝ ਦਿਨ ਵਿੱਚ ਤਿੰਨ ਵਾਰ ਟਾਇਲਟ ਜਾਂਦੇ ਸਨ।

ਕੁੱਲ ਮਿਲਾ ਕੇ, ਅਧਿਐਨ ਨੇ ਸਿੱਟਾ ਕੱਢਿਆ ਕਿ "ਅੰਤੜੀਆਂ ਦੀਆਂ ਆਮ ਗਤੀਵਿਧੀਆਂ ਦਾ ਆਨੰਦ ਅੱਧੇ ਤੋਂ ਘੱਟ ਆਬਾਦੀ ਨੂੰ ਮਿਲਦਾ ਹੈ ਅਤੇ ਮਨੁੱਖੀ ਸਰੀਰ ਵਿਗਿਆਨ ਦੇ ਇਸ ਪਹਿਲੂ ਵਿੱਚ ਨੌਜਵਾਨ ਔਰਤਾਂ ਖ਼ਾਸ ਤੌਰ 'ਤੇ ਪਿਛੜੀਆਂ ਹਨ।"

ਖ਼ੈਰ, ਇਹ ਹੀਟਨ ਦਾ ਮਲ-ਵਿਗਿਆਨ ਵਿੱਚ ਇਕੱਲਾ ਯੋਗਦਾਨ ਨਹੀਂ ਸੀ।

ਬਾਅਦ ਵਿੱਚ ਉਨ੍ਹਾਂ ਨੇ ਬ੍ਰਿਸਟਲ ਸਟੂਲ ਫਾਰਮ ਸਕੇਲ ਤਿਆਰ ਕਰਨ ਵਿੱਚ ਮਦਦ ਕੀਤੀ।

ਇਸ ਵਿੱਚ ਦਿੱਤੇ ਚਿੱਤਰਾਂ ਕਾਰਨ, ਡਾਕਟਰਾਂ ਨੂੰ ਪਾਚਨ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਮਦਦ ਕਰਨ ਲਈ ਇਹ ਇੱਕ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ ਵਿਹਾਰਕ ਗਾਈਡ ਬਣ ਗਈ ਹੈ।

ਇਹ ਪੈਮਾਨਾ ਮਲ ਤਿਆਗਣ ਦੇ ਸਰਲ ਵੇਰਵੇ ਪ੍ਰਦਾਨ ਕਰਦਾ ਹੈ, ਜਿਸ ਵਿੱਚ "ਅਖਰੋਟ ਵਰਗੀਆਂ ਵੱਖਰੀਆਂ-ਵੱਖਰੀਆਂ ਸਖ਼ਤ ਗੰਢਾਂ" ਤੋਂ ਲੈ ਕੇ "ਟੁੱਟ-ਭੱਜੇ ਕਿਨਾਰਿਆਂ ਵਾਲੇ ਨਰਮ ਟੁਕੜੇ" ਸ਼ਾਮਲ ਹਨ।

"ਗੋਲਡੀਲੌਕਸ/ਗੋਲਡੀਪਲੌਪਸ" ਖੇਤਰ

ਐੱਨਐੱਚਐੱਸ ਅਤੇ ਹੋਰ ਸੰਸਥਾਵਾਂ ਦਾ ਕਹਿਣਾ ਹੈ ਕਿ ਦਿਨ ਵਿੱਚ ਤਿੰਨ ਵਾਰ ਅਤੇ ਹਫ਼ਤੇ ਵਿੱਚ ਤਿੰਨ ਵਾਰ ਮਲ ਤਿਆਗਣਾ ਆਮ ਮੰਨਿਆ ਜਾਂਦਾ ਹੈ। ਪਰ ਜ਼ਰੂਰੀ ਨਹੀਂ ਕਿ ਆਮ ਅਤੇ ਸਿਹਤਮੰਦ ਇੱਕੋ ਜਿਹੇ ਹੋਣ।

ਵਿਗਿਆਨੀਆਂ ਨੇ ਇਸ ਰਹੱਸ ਨੂੰ ਹੱਲ ਕਰ ਲਿਆ ਹੈ ਕਿ ਅਸੀਂ ਕਿੰਨੀ ਵਾਰ ਮਲ ਤਿਆਗਦੇ ਹਾਂ ਪਰ ਇਹ ਇਸ ਸਵਾਲ ਦਾ ਜਵਾਬ ਨਹੀਂ ਦਿੰਦਾ ਕਿ ਸਾਨੂੰ ਕਿੰਨੀ ਵਾਰ ਮਲ ਤਿਆਗਣਾ ਚਾਹੀਦਾ ਹੈ।

ਖੋਜਕਾਰਾਂ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਦੀਆਂ ਅੰਤੜੀਆਂ ਦੀ ਗਤੀ ਉਸ ਦੀ ਸਿਹਤ ਦਾ ਇੱਕ ਮਜ਼ਬੂਤ ਸੂਚਕ ਹੈ।

ਉਦਾਹਰਨ ਵਜੋਂ, 2023 ਦੇ ਇੱਕ ਅਧਿਐਨ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ 14,573 ਬਾਲਗਾਂ ਦੀਆਂ ਅੰਤੜੀਆਂ ਦੀਆਂ ਆਦਤਾਂ ਦੀ ਜਾਂਚ ਕੀਤੀ ਗਈ।

ਸਭ ਤੋਂ ਵੱਧ ਵਾਰ ਮਲ਼ ਤਿਆਗਣ ਦੀ ਆਦਤ ਹਫ਼ਤੇ ਵਿੱਚ ਸੱਤ ਵਾਰ ਸੀ (50.7 ਫੀਸਦ ਲੋਕ), ਅਤੇ ਸਭ ਤੋਂ ਆਮ ਮਲ ਤਿਆਗਣ ਦੀ ਕਿਸਮ "ਸੌਸੇਜ ਜਾਂ ਸੱਪ ਵਰਗੀ, ਨਿਰਵਿਘਨ ਅਤੇ ਨਰਮ" ਸੀ।

ਫਿਰ ਖੋਜਕਾਰਾਂ ਨੇ ਭਾਗੀਦਾਰਾਂ ਨੂੰ ਪੰਜ ਸਾਲਾਂ ਤੱਕ ਟਰੈਕ ਕੀਤਾ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਮਲ ਤਿਆਗਣ ਦੀ ਬਾਰੰਬਾਰਤਾ (ਕਿੰਨੀ ਵਾਰ ਟਾਇਲਟੇ ਜਾਂਦੇ ਹਨ) ਅਤੇ ਮੌਤ ਦਰ ਵਿਚਕਾਰ ਕੋਈ ਸਬੰਧ ਹੈ।

ਉਨ੍ਹਾਂ ਨੇ ਪਾਇਆ ਕਿ ਜੋ ਲੋਕ ਹਫ਼ਤੇ ਵਿੱਚ ਚਾਰ ਵਾਰ ਨਰਮ ਮਲ ਤਿਆਗਦੇ ਹਨ, ਉਨ੍ਹਾਂ ਦੀ ਪੰਜ ਸਾਲਾਂ ਦੇ ਅੰਦਰ ਮੌਤ ਹੋਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ 1.78 ਗੁਣਾ ਜ਼ਿਆਦਾ ਹੁੰਦੀ ਸੀ ਜੋ ਹਫ਼ਤੇ ਵਿੱਚ ਸੱਤ ਵਾਰ ਨਰਮ ਮਲ ਤਿਆਗਦੇ ਹਨ।

ਜੋ ਲੋਕ ਘੱਟ ਵਾਰ ਮਲ ਤਿਆਗਦੇ ਸਨ, ਉਨ੍ਹਾਂ ਵਿੱਚ ਕੈਂਸਰ ਅਤੇ ਦਿਲ ਦੀ ਬਿਮਾਰੀ ਨਾਲ ਮਰਨ ਦੀ ਸੰਭਾਵਨਾ ਕ੍ਰਮਵਾਰ 2.42 ਅਤੇ 2.27 ਗੁਣਾ ਜ਼ਿਆਦਾ ਸੀ।

ਅਮਰੀਕਾ ਦੇ ਸਿਆਟਲ ਵਿੱਚ ਇੰਸਟੀਚਿਊਟ ਫਾਰ ਸਿਸਟਮਜ਼ ਬਾਇਓਲਾਜੀ ਦੇ ਮਾਈਕ੍ਰੋਬਾਓਲਾਜਿਸਟ ਸੀ ਗਿਬਨਜ਼ ਵੀ ਇਸ ਸਵਾਲ ਤੋਂ ਪਰੇਸ਼ਾਨ ਹਨ ਕਿ ਮਲ਼ ਤਿਆਗਣ ਲਈ ਕਿੰਨੀ ਮਾਤਰਾ ਸਹੀ ਹੈ।

2024 ਵਿੱਚ ਗਿਬਨਜ਼ ਨੇ ਇੱਕ ਅਧਿਐਨ ਦੀ ਅਗਵਾਈ ਕੀਤੀ, ਜਿਸ ਵਿੱਚ 1400 ਸਿਹਤਮੰਦ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਮਲ਼ ਤਿਆਗਣ ਦੀਆਂ ਆਦਤਾਂ ਦੇ ਆਧਾਰ ʼਤੇ ਚਾਰ ਸਮੂਹਾਂ ਵਿੱਚ ਵੰਡਿਆ ਗਿਆ, ਕਬਜ਼ (ਪ੍ਰਤੀ ਹਫ਼ਤੇ ਇੱਕ ਜਾਂ ਦੋ ਵਾਰ ਮਲ ਤਿਆਗਣਾ), ਘੱਟ-ਆਮ (ਪ੍ਰਤੀ ਹਫ਼ਤੇ ਤਿੰਨ-ਛੇ ਵਾਰ ਮਲ ਤਿਆਗਣਾ), ਉੱਚ-ਆਮ (ਪ੍ਰਤੀ ਦਿਨ ਇੱਕ-ਤਿੰਨ ਵਾਰ ਮਲ ਤਿਆਗਣਾ) ਅਤੇ ਦਸਤ।

ਫਿਰ ਉਨ੍ਹਾਂ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਮਲ਼ ਤਿਆਗਣ ਦੀ ਗਿਣਤੀ ਅਤੇ ਕਿਸੇ ਵਿਅਕਤੀ ਦੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿਚਕਾਰ ਕੋਈ ਸਬੰਧ ਹੈ।

ਗਿਬਨਜ਼ ਨੇ ਦੇਖਿਆ ਕਿ ਜੋ ਲੋਕ ਦਿਨ ਵਿੱਚ ਇੱਕ ਤੋਂ ਤਿੰਨ ਵਾਰ ਮਲ਼ ਤਿਆਗਦੇ ਹਨ, ਉਨ੍ਹਾਂ ਦੀਆਂ ਅੰਤੜੀਆਂ ਵਿੱਚ "ਚੰਗੇ" ਬੈਕਟੀਰੀਆ ਦਾ ਅਨੁਪਾਤ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈ, ਜੋ ਘੱਟ ਟਾਇਲਟ ਜਾਂਦੇ ਸਨ।

ਦੂਜੇ ਪਾਸੇ, ਗਿਬਨਜ਼ ਨੇ ਦੇਖਿਆ ਕਿ ਜੋ ਲੋਕ ਹਫ਼ਤੇ ਵਿੱਚ ਤਿੰਨ ਵਾਰ ਤੋਂ ਘੱਟ ਮਲ ਤਿਆਗਦੇ ਹਨ, ਉਨ੍ਹਾਂ ਦੇ ਖੂਨ ਵਿੱਚ ਜ਼ਹਿਰੀਲੇ ਪਦਾਰਥ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜੋ ਪਹਿਲਾਂ ਗੁਰਦੇ ਦੀ ਪੁਰਾਣੀ ਬਿਮਾਰੀ ਅਤੇ ਅਲਜ਼ਾਈਮਰ ਵਰਗੀਆਂ ਸਥਿਤੀਆਂ ਵਿੱਚ ਸ਼ਾਮਲ ਰਹੇ ਹਨ।

ਗਿਬਨਜ਼ ਕਹਿੰਦੇ ਹਨ, "ਗੋਲਡੀਲੌਕਸ ਜ਼ੋਨ (ਉੱਚ-ਆਮ ਰੇਂਜ) ਵਿੱਚ ਮਲ-ਮੂਤਰ ਤਿਆਗਣ ਵਿੱਚ ਸਾਨੂੰ ਸਖ਼ਤੀ ਨਾਲ ਐਨਾਇਰੋਬਿਕ ਸੂਖ਼ਮ ਜੀਵਾਂ ਵਿੱਚ ਵਾਧਾ ਨਜ਼ਰ ਆਇਆ, ਜੋ ਸ਼ਾਰਟ-ਚੇਨ ਫੈਟੀ ਐਸਿਡ ਨਾਮ ਦਾ ਰਸਾਇਣ ਪੈਦਾ ਕਰਦੇ ਹਨ।"

ਇਨ੍ਹਾਂ ਸ਼ਾਰਟ ਚੇਨ ਫੈਟੀ ਐਸਿਡ (ਐੱਸਐੱਫਏ) ਵਿੱਚੋਂ ਇੱਕ ਬਿਊਟੀਰੇਟ, ਸਰੀਰ ਵਿੱਚ ਸੋਜਸ਼ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ। ਇਹ ਮਹੱਤਵਪੂਰਨ ਹੈ, ਕਿਉਂਕਿ ਪੁਰਾਣੀ ਸੋਜਸ਼ ਹੁਣ ਦਿਲ ਦੀ ਬਿਮਾਰੀ, ਟਾਈਪ 2 ਸ਼ੂਗਰ ਅਤੇ ਇੱਥੋਂ ਤੱਕ ਕਿ ਅਲਜ਼ਾਈਮਰ ਵਰਗੀਆਂ ਸਥਿਤੀਆਂ ਦੇ ਪਿੱਛੇ ਇੱਕ ਪ੍ਰੇਰਕ ਕਾਰਕ ਮੰਨਿਆ ਜਾਂਦਾ ਹੈ।

ਗਿਬਨਜ਼ ਕਹਿੰਦੇ ਹਨ, "ਬਿਊਟੀਰੇਟ ਦੇ ਉੱਚ ਪੱਧਰ ਹੋਣ ਨਾਲ ਤੁਸੀਂ ਆਪਣੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰ ਸਕਦੇ ਹੋ, ਇਸ ਲਈ ਤੁਹਾਡੀ ਇਨਸੁਲਿਨ ਸੰਵੇਦਨਸ਼ੀਲਤਾ ਬਿਹਤਰ ਹੁੰਦੀ ਹੈ।"

ਉਹ ਆਖਦੇ ਹਨ, "ਬਿਊਟੀਰੇਟ ਅੰਤੜੀਆਂ ਦੇ ਸੈੱਲਾਂ ਨਾਲ ਵੀ ਜੁੜ ਜਾਵੇਗਾ, ਉਨ੍ਹਾਂ ਨੂੰ ਅਜਿਹੇ ਹਾਰਮੋਨ ਪੈਦਾ ਕਰਨ ਲਈ ਉਤੇਜਿਤ ਕਰੇਗਾ ਜੋ ਤੁਹਾਨੂੰ ਪੇਟ ਭਰਿਆ ਮਹਿਸੂਸ ਕਰਾਉਂਦੇ ਹਨ।"

ਗਿਬਨਜ਼ ਦਾ ਮੰਨਣਾ ਹੈ ਕਿ ਕਬਜ਼ ਵਾਲੇ ਲੋਕਾਂ ਦੇ ਖੂਨ ਵਿੱਚ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਦੇ ਉੱਚ ਪੱਧਰ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਕੋਈ ਵਿਅਕਤੀ ਘੱਟ ਮਲ਼ ਤਿਆਗਦਾ ਹੈ ਤਾਂ ਮਲ਼ ਉਸ ਦੇ ਕੋਲਨ ਵਿੱਚ ਲੰਬੇ ਸਮੇਂ ਲਈ ਰਹਿੰਦਾ ਹੈ।

ਇਹ ਤੁਹਾਡੀਆਂ ਅੰਤੜੀਆਂ ਵਿੱਚ ਬੈਕਟੀਰੀਆ ਨੂੰ ਸਾਰੇ ਉਪਲੱਬਧ ਫਾਈਬਰ ਨੂੰ ਖਾਣ ਦੀ ਆਗਿਆ ਦੇ ਦਿੰਦਾ ਹੈ ਅਤੇ ਇਸ ਨੂੰ ਸਿਹਤਮੰਦ ਐੱਸਐੱਫਏ ਵਿੱਚ ਬਦਲ ਦਿੰਦਾ ਹੈ।

ਹਾਲਾਂਕਿ, ਸਮੱਸਿਆ ਇਹ ਹੈ ਕਿ ਇੱਕ ਵਾਰ ਜਦੋਂ ਸਾਰਾ ਫਾਈਬਰ ਖ਼ਤਮ ਹੋ ਜਾਂਦਾ ਹੈ, ਤਾਂ ਬੈਕਟੀਰੀਆ ਪ੍ਰੋਟੀਨ ਨੂੰ ਫਰਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਖੂਨ ਦੇ ਪ੍ਰਵਾਹ ਵਿੱਚ ਨੁਕਸਾਨਦੇਹ ਜ਼ਹਿਰੀਲੇ ਪਦਾਰਥ ਛੱਡਦਾ ਹੈ।

ਇਹ ਜ਼ਹਿਰੀਲੇ ਪਦਾਰਥ ਗੁਰਦੇ ਅਤੇ ਦਿਲ ਸਮੇਤ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਣੇ ਜਾਂਦੇ ਹਨ।

ਉਦਾਹਰਣ ਲਈ, ਇੱਕ ਜਿਸ ਨੂੰ ਫੀਨੀਲੇਐਸੀਟਿਲਗਲੂਟਾਮਾਈਨ ਕਿਹਾ ਜਾਂਦਾ ਹੈ, ਦਿਲ ਦੀ ਬਿਮਾਰੀ ਲਈ ਇੱਕ ਜੋਖ਼ਮ ਵਾਲਾ ਕਾਰਕ ਹੈ।

ਗਿਬਨਜ਼ ਦਾ ਕਹਿਣਾ ਹੈ, "ਜੇਕਰ ਇਸ ਮੈਟਾਬੋਲਾਈਟ ਦੇ ਪੱਧਰ ਤੁਹਾਡੇ ਖੂਨ ਦੇ ਸੰਚਾਰ ਵਿੱਚ ਲਗਾਤਾਰ ਉੱਚੇ ਰਹਿੰਦੇ ਹਨ ਤਾਂ ਇਹ ਐਥੀਰੋਸਕਲੇਰੋਸਿਸ ਨੂੰ ਵਧਾ ਸਕਦਾ ਹੈ, ਜੋ ਕਿ ਧਮਨੀਆਂ ਦੇ ਸਖ਼ਤ ਹੋਣ ਦਾ ਇੱਕ ਰੂਪ ਹੈ ਅਤੇ ਕਾਰਡੀਓ-ਵੈਸਕੁਲਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ।"

ਗਿਬਨਜ਼ ਕਹਿੰਦੇ ਹਨ ਕਿ ਭਾਵੇਂ ਡਾਕਟਰੀ ਗਾਇਡ ਕਹਿੰਦਾ ਹੈ ਕਿ ਦਿਨ ਵਿੱਚ ਤਿੰਨ ਵਾਰ ਤੋਂ ਲੈ ਕੇ ਹਫ਼ਤੇ ਵਿੱਚ ਤਿੰਨ ਵਾਰ ਮਲ਼ ਤਿਆਗਣਾ ਸਿਹਤਮੰਦ ਹੈ, ਪਰ ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਮ ਨਾਲੋਂ ਘੱਟ ਮਲ਼ ਤਿਆਗਣ ਵਾਲੇ ਸਮੂਹ ਵਿੱਚ ਵੀ ਖੂਨ ਦੇ ਪ੍ਰਵਾਹ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵੱਧ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ, "ਯਕੀਨੀ ਤੌਰ 'ਤੇ ਇਹ ਕਹਿਣਾ ਔਖਾ ਹੈ ਕਿਉਂਕਿ ਸਾਡੇ ਕੋਲ ਇਹ ਜਾਣਨ ਲਈ ਕੋਈ ਕਾਰਨਾਂ ਦਾ ਡਾਟਾ ਨਹੀਂ ਹੈ ਕਿ ਕੀ ਇਹ ਲੋਕ ਭਵਿੱਖ ਵਿੱਚ ਬਿਮਾਰ ਹੋਏ ਜਾਂ ਨਹੀਂ ਪਰ ਇਹ ਜ਼ਰੂਰ ਜਾਪਦਾ ਹੈ ਕਿ, ਜੋ ਅਸੀਂ ਦੇਖ ਰਹੇ ਸੀ, ਉਸ ਦੇ ਆਧਾਰ 'ਤੇ ਹਰ ਦੂਜੇ ਦਿਨ ਜਾਂ ਦਿਨ ਵਿੱਚ ਦੋ ਵਾਰ ਟਾਇਲਟ ਜਾਣਾ ਸ਼ਾਇਦ ਸਿਹਤਮੰਦ ਰਹਿਣ ਦਾ ਇੱਕ ਬਿਹਤਰ ਤਰੀਕਾ ਹੈ।"

ਹਾਲਾਂਕਿ ਇਹ ਵੀ ਸੰਭਵ ਹੈ ਕਿ ਜੋ ਲੋਕ ਪਹਿਲਾਂ ਹੀ ਹੋਰ ਕਾਰਨਾਂ ਕਰਕੇ ਘੱਟ ਸਿਹਤਮੰਦ ਹਨ, ਉਨ੍ਹਾਂ ਵਿੱਚ ਮਲ਼ ਤਿਆਗਣ ਦੀ ਗਤੀ ਘੱਟ ਹੋ ਸਕਦੀ ਹੈ।

ਇੱਕ ਗੱਲ ਇਹ ਵੀ ਹੈ ਕਿ ਗਿਬਨਜ਼ ਦੇ ਅਧਿਐਨ ਲਈ ਇਸ ਸਿਰਫ਼ ਉਨ੍ਹਾਂ ਬਾਲਗਾਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ਨੇ ਕੋਈ ਸਿਹਤ ਚਿੰਤਾਵਾਂ ਬਾਰੇ ਨਹੀਂ ਦੱਸਿਆ।

ਤੁਹਾਡੀਆਂ ਅੰਤੜੀਆਂ ਦੀ ਸਿਹਤ ਦਾ ਇੱਕ ਮਾਪ ਇਹ ਹੈ ਕਿ ਭੋਜਨ ਨੂੰ ਤੁਹਾਡੇ ਪਾਚਨ ਪ੍ਰਣਾਲੀ ਵਿੱਚੋਂ ਲੰਘਣ ਵਿੱਚ ਕਿੰਨਾ ਸਮਾਂ ਲੱਗਦਾ ਹੈ। ਜਿਸਨੂੰ ਅੰਤੜੀਆਂ ਦੇ ਆਵਾਜਾਈ ਸਮੇਂ ਵਜੋਂ ਜਾਣਿਆ ਜਾਂਦਾ ਹੈ।

ਤੁਸੀਂ ਘਰ ਵਿੱਚ ਇਸ ਦਾ ਆਸਾਨੀ ਨਾਲ ਪਰੀਖਣ ਕਰ ਸਕਦੇ ਹੋ, ਮੱਕੀ (ਸਵੀਟਕੋਰਨ) ਵਰਗੇ ਚਟਕ ਰੰਗਾਂ ਵਾਲੇ ਭੋਜਨ ਖਾ ਕੇ ਅਤੇ ਫਿਰ ਇਹ ਦੇਖ ਕੇ ਇਸ ਨੂੰ ਦੂਜੇ ਸਿਰੇ ਤੋਂ ਬਾਹਰ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ।

ਆਮ ਤੌਰ 'ਤੇ, ਕਿਸੇ ਵਿਅਕਤੀ ਦੇ ਅੰਤੜੀਆਂ ਦੇ ਆਵਾਜਾਈ ਦਾ ਸਮਾਂ ਜਿੰਨਾ ਲੰਬਾ ਹੁੰਦਾ ਹੈ, ਓਨੀ ਹੀ ਘੱਟ ਉਨ੍ਹਾਂ ਨੇ ਮਲ ਤਿਆਗਣ ਦੀ ਗਤੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਕਬਜ਼ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

2020 ਵਿੱਚ, ਕਿੰਗਜ਼ ਕਾਲਜ ਲੰਡਨ ਦੇ ਖੋਜਕਾਰਾਂ ਨੇ 863 ਲੋਕਾਂ ਨੂੰ ਉਨ੍ਹਾਂ ਦੇ ਅੰਤੜੀਆਂ ਦੇ ਆਵਾਜਾਈ ਸਮੇਂ ਨੂੰ ਮਾਪਣ ਲਈ ਨੀਲੇ ਮਫ਼ਿਨ ਦਿੱਤੇ।

ਇਹ ਪ੍ਰੇਡਿਕਟ-1 ਅਧਿਐਨ ਦਾ ਹਿੱਸਾ ਸੀ, ਇੱਕ ਕਲੀਨਿਕਲ ਖੋਜ ਪ੍ਰੋਜੈਕਟ ਜੋ ਇਹ ਸਮਝਣ ਉੱਤੇ ਕੇਂਦ੍ਰਿਤ ਸੀ ਕਿ ਜੈਨੇਟਿਕਸ, ਅੰਤੜੀਆਂ ਦੇ ਮਾਈਕ੍ਰੋਬਾਇਓਮ ਅਤੇ ਹੋਰ ਕਾਰਕਾਂ ਵਿੱਚ ਵਿਅਕਤੀਗਤ ਭਿੰਨਤਾਵਾਂ ਕਿਵੇਂ ਵੱਖ-ਵੱਖ ਭੋਜਨ ਸਰੀਰ ਵਿੱਚ ਬਲੱਡ ਸ਼ੂਗਰ ਅਤੇ ਚਰਬੀ ਦੇ ਪੱਧਰਾਂ ਨੂੰ ਪ੍ਰਭਾਵਤ ਕਰਦੀਆਂ ਹਨ।

ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਅੰਤੜੀ ਵਿੱਚ ਆਵਾਜਾਈ ਦਾ ਸਮਾਂ ਰਹੇਕ ਵਿਅਕਤੀ ਵਿੱਚ ਵੱਖਰਾ ਹੁੰਦਾ ਹੈ, 12 ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ।

ਕਮਾਲ ਦੀ ਗੱਲ ਹੈ ਕਿ, ਘੱਟ ਆਵਾਜਾਈ ਸਮੇਂ ਵਾਲੇ ਲੋਕਾਂ ਦੀਆਂ ਅੰਤੜੀਆਂ ਵਿੱਚ ਪਾਏ ਜਾਣ ਵਾਲੇ ਸੂਖ਼ਮ ਜੀਵਾਣੂ, ਜਿਹੜੇ ਜ਼ਿਆਦਾ ਵਾਰ ਮਲ ਤਿਆਗਦੇ ਹਨ, ਲੰਬੇ ਆਵਾਜਾਈ ਸਮੇਂ ਵਾਲੇ ਲੋਕਾਂ ਨਾਲੋਂ ਕਾਫ਼ੀ ਵੱਖਰੇ ਸਨ, ਘੱਟ ਆਵਾਜਾਈ ਸਮੇਂ ਇੱਕ ਸਿਹਤਮੰਦ ਅੰਤੜੀਆਂ ਦੇ ਮਾਈਕ੍ਰੋਬਾਇਓਮ ਨਾਲ ਜੁੜੇ ਹੋਏ ਸਨ।

ਕਿੰਗਜ਼ ਕਾਲਜ ਲੰਡਨ ਦੀ ਇੱਕ ਮਾਈਕ੍ਰੋਬਾਇਓਮ ਵਿਗਿਆਨੀ ਐਮਿਲੀ ਲੀਮਿੰਗ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਟ੍ਰਾਂਜਿਟ ਸਮਾਂ ਜ਼ਿਆਦਾ ਸੀ, ਉਨ੍ਹਾਂ ਵਿੱਚ 'ਮਾੜੇ' ਅੰਤੜੀਆਂ ਦੇ ਬੈਕਟੀਰੀਆ ਜ਼ਿਆਦਾ ਹੁੰਦੇ ਸਨ, ਯਾਨਿ ਕਿ ਉਹ ਬੈਕਟੀਰੀਆ ਜੋ ਪਹਿਲਾਂ ਦਿਲ ਦੀ ਮਾੜੀ ਸਿਹਤ ਅਤੇ ਮੈਟਾਬੋਲਿਕ ਸਿਹਤ ਨਾਲ ਜੁੜੇ ਹੋਏ ਸਨ।"

ਇਹ ਖੋਜ 58 ਘੰਟੇ ਜਾਂ ਇਸ ਤੋਂ ਵੱਧ ਸਮੇਂ ਤੱਕ ਟਾਇਲਟ ਕਰਨ ਵਾਲੇ ਲੋਕਾਂ ਵਿੱਚ ਸਭ ਤੋਂ ਵੱਧ ਸਪੱਸ਼ਟ ਸੀ ਜੋ ਹਫ਼ਤੇ ਵਿੱਚ ਤਿੰਨ ਵਾਰ ਤੋਂ ਘੱਟ ਟਾਇਲਟ ਜਾਂਦੇ ਸਨ।

ਗਿਬਨਜ਼ ਵਾਂਗ, ਲੀਮਿੰਗ ਨੂੰ ਸ਼ੱਕ ਹੈ ਕਿ ਜਿਨ੍ਹਾਂ ਲੋਕਾਂ ਦਾ ਮਲ ਅੰਤੜੀਆਂ ਵਿੱਚ ਜ਼ਿਆਦਾ ਦੇਰ ਤੱਕ ਰਹਿੰਦਾ ਹੈ, ਉਨ੍ਹਾਂ ਵਿੱਚ ਰੋਗਾਣੂਆਂ ਦੀ ਤਾਜ਼ੇ ਭੋਜਨ ਤੱਕ ਪਹੁੰਚ ਨਹੀਂ ਹੁੰਦੀ। ਇਸ ਲਈ ਉਹ ਕਦੇ ਫਾਈਬਰ, ਕਦੇ ਕਾਰਬੋਹਾਈਡਰੇਟ ਅਤੇ ਕਦੇ ਪ੍ਰੋਟੀਨ ਖਾਣ ਲੱਗਦੇ ਹਨ। ਇਸ ਨਾਲ ਅਜਿਹੇ ਉਪ-ਉਤਪਾਦ ਬਣਦੇ ਹਨ ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ।

ਲੀਮਿੰਗ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਿਹਤ ਅੰਤੜਈ ਮਾਈਕ੍ਰੋਬਾਓਮ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ਦੀ ਅੰਤੜੀ ਵਿੱਚ ਟ੍ਰਾਂਜਿਟ ਸਮਾਂ ਘੱਟ ਹੁੰਦਾ ਹੈ, ਉਨ੍ਹਾਂ ਨੂੰ ਘੱਟ ਵਿਸਰਲ ਫੈਟ ਹੋਣ ਦਾ ਫਾਇਦਾ ਹੋਇਆ ਹੈ।

ਇਹ ਚਰਬੀ ਪੇਟ ਦੇ ਅੰਦਰ ਡੂੰਘਾਈ ਵਿੱਚ ਹੁੰਦੀ ਹੈ ਅਤੇ ਪੇਟ ਦੇ ਅੰਗਾਂ ਨੂੰ ਘੇਰਦੀ ਹੈ।

ਅੰਤੜੀਆਂ ਦੀ ਚਰਬੀ ਖ਼ਤਰਨਾਕ ਹੈ ਕਿਉਂਕਿ ਇਹ ਦਿਲ ਦੇ ਰੋਗ, ਸ਼ੂਗਰ ਅਤੇ ਕੁਝ ਕੈਂਸਰ ਸਣੇ ਕਈ ਸਿਹਤਮੰਦ ਸਥਿਤੀਆਂ ਦੇ ਜੋਖ਼ਮ ਨੂੰ ਵਧਾ ਸਕਦੀ ਹੈ।

ਅੰਤ ਵਿੱਚ ਘੱਟ ਅੰਤੜੀ ਟ੍ਰਾਂਜਿਟ ਸਮੇਂ ਵਾਲੇ ਲੋਕਾਂ ਨੇ ਭੋਜਨ ਪ੍ਰਤੀ ਸਿਹਤਮੰਦ ਪ੍ਰਤੀਕਿਰਿਆ ਵੀ ਦਿਖਾਈ, ਜਿਸ ਨੂੰ ʻਪੋਸਟਪ੍ਰੈਂਡੀਅਲ ਪ੍ਰਤੀਕਿਰਿਆʼ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਭੋਜਨ ਤੋਂ ਬਾਅਦ ਉਨ੍ਹਾਂ ਦੇ ਖ਼ੂਨ ਵਿੱਚ ਸ਼ੂਗਰ ਅਤੇ ਲਿਪਿਡ ਦਾ ਪੱਧਰ ਘੱਟ ਸੀ, ਜਿਸ ਨਾਲ ਦਿਲ ਦੇ ਰੋਗ ਦਾ ਖ਼ਤਰਾ ਘੱਟ ਹੋ ਗਿਆ।

ਇਹ ਖੋਜ ਵਿਗਿਆਨੀਆਂ ਦੁਆਰਾ ਕਬਜ਼ ਅਤੇ ਇਸ ਦੀ ਪੁਰਾਣੀ ਬਿਮਾਰੀ ਨਾਲ ਸਬੰਧ ਬਾਰੇ ਪਾਏ ਗਏ ਖੋਜਾਂ ਨਾਲ ਮੇਲ ਖਾਂਦੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਅੰਤੜੀਆਂ ਦੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਹੋ ਸਕਦਾ ਹੈ।

ਹਾਲਾਂਕਿ, ਇਸਦਾ ਸਮਰਥਨ ਕਰਨ ਵਾਲੇ ਸਬੂਤ ਮਿਲੇ-ਜੁਲੇ ਹਨ। ਇੱਕ ਮੈਟਾ-ਵਿਸ਼ਲੇਸ਼ਣ, ਇੱਕ ਕਿਸਮ ਦਾ ਅਧਿਐਨ ਜੋ ਕਈ ਹੋਰ ਅਧਿਐਨਾਂ ਦੇ ਨਤੀਜਿਆਂ ਨੂੰ ਜੋੜਦਾ ਹੈ ਜੋ ਇੱਕੋ ਸਵਾਲ ਦਾ ਜਵਾਬ ਦਿੰਦੇ ਹਨ, ਨੇ ਪਾਇਆ ਕਿ ਕਬਜ਼ ਵਾਲੇ ਵਿਅਕਤੀਆਂ ਵਿੱਚ ਅੰਤੜੀਆਂ ਦਾ ਕੈਂਸਰ ਹੁਣ ਪ੍ਰਚਲਿਤ ਨਹੀਂ ਸੀ।

ਲੀਮਿੰਗ ਕਹਿੰਦੇ ਹਨ, "ਪਰ ਅਸੀਂ ਸਰੀਰ ਦੇ ਹੋਰ ਹਿੱਸਿਆਂ ਦੇ ਨਾਲ ਵੀ ਸਬੰਧ ਦੇਖ ਰਹੇ ਹਨ। ਉਦਾਹਰਣ ਲਈ, ਪਾਰਕਿਨਸਨ ਰੋਗ ਨਾਲ ਪੀੜਤ ਲੋਕਾਂ ਵਿੱਚ ਮੋਟਰ ਲੱਛਣ ਨਜ਼ਰ ਆਉਣ ਤੋਂ 20 ਸਾਲ ਪਹਿਲਾਂ ਤੱਕ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।"

ਇਸ ਦੌਰਾਨ, ਵੇਸੀ ਹੌਲੀ ਅੰਤੜੀਆਂ ਦੇ ਆਵਾਜਾਈ ਅਤੇ ਪਿੱਤੇ ਦੀ ਪੱਥਰੀ ਵਿਚਕਾਰ ਜਾਣੇ-ਪਛਾਣੇ ਸਬੰਧ ਵੱਲ ਇਸ਼ਾਰਾ ਕਰਦਾ ਹੈ।

ਉਹ ਕਹਿੰਦੇ ਹਨ, "ਇਹ ਅੰਤੜੀ ਵਿੱਚ ਪੌਲੀਪਸ, ਪ੍ਰੀ-ਕੈਂਸਰਸ ਜਖਮ, ਜੋ ਬਾਅਦ ਵਿੱਚ ਕੈਂਸਰ ਬਣ ਸਕਦੇ ਹਨ, ਦੇ ਵਿਕਾਸ ਦੇ ਜੋਖਮ ਨੂੰ ਵੀ ਵਧਾਉਂਦਾ ਹੈ।"

ਤੁਹਾਡਾ ਮਲ ਤੁਹਾਡੇ ਬਾਰੇ ਕੀ ਦੱਸਦਾ ਹੈ

ਲੀਮਿੰਗ ਦਾ ਕਹਿਣਾ ਹੈ ਕਿ ਹਫ਼ਤੇ ਵਿੱਚ ਮਲ ਤਿਆਗਣ ਗਿਣਤੀ ਦੀ ਬਜਾਇ, ਜੋ ਹਰੇਕ ਵਿਅਕਤੀ ਵਿੱਚ ਵੱਖ-ਵੱਖ ਹੋ ਸਕਦੀ ਹੈ, ਸਭ ਤੋਂ ਮਹੱਤਵਪੂਰਨ ਚੀਜ਼ ਹੈ ਇਸ ਗੱਲ ਵੱਲ ਧਿਆਨ ਦੇਣਾ ਕਿ ਮਲ ਤਿਆਗ਼ ਦੀਆਂ ਆਦਤਾਂ ਵਿੱਚ ਕੋਈ ਵੀ ਅਣਜਾਣ ਤਬਦੀਲੀ ਨਾ ਹੋਵੇ।

ਉਹ ਇਹ ਵੀ ਸਲਾਹ ਦਿੰਦੇ ਹਨ ਕਿ ਤੁਹਾਡੇ ਲਈ ਕੀ ਆਮ ਹੈ, ਇਹ ਜਾਣਨ ਲਈ ਆਪਣੀ ਨਿਯਮਤ ਮਲ ਤਿਆਗਣ ਦੀ ਆਦਤ ਦਾ ਧਿਆਨ ਰੱਖਣਾ ਇੱਕ ਚੰਗਾ ਵਿਚਾਰ ਹੈ।

ਲੀਮਿੰਗ ਕਹਿੰਦੇ ਹਨ, "ਸਾਨੂੰ ਸਾਰਿਆਂ ਨੂੰ ਆਪਣੇ ਮਲ-ਮੂਤਰ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਮੂਲ ਰੂਪ ਵਿੱਚ ਅੰਤੜੀਆਂ ਦੀ ਮੁਫ਼ਤ ਸਿਹਤ ਜਾਂਚ ਵਾਂਗ ਹੈ। ਇਹ ਸਿਰਫ਼ ਇੰਨਾ ਨਹੀਂ ਹੈ ਕਿ ਤੁਸੀਂ ਕਿੰਨੀ ਵਾਰ ਮਲ ਤਿਆਗਦੇ ਹੋ, ਇਹ ਤੁਹਾਡੇ ਮਲ ਦਾ ਰੰਗ ਅਤੇ ਆਕਾਰ ਵੀ ਹੈ।"

"ਤੁਸੀਂ ਅਸਲ ਵਿੱਚ ਟਾਈਪ 3 ਤੋਂ ਟਾਈਪ 4 (ਬ੍ਰਿਸਟਲ ਸਟੂਲ ਫਾਰਮ ਸਕੇਲ 'ਤੇ) ਦੀ ਭਾਲ ਕਰ ਰਹੇ ਹੋ, ਜੋ ਕਿ ਅਸਲ ਵਿੱਚ ਤਰੇੜਾਂ ਵਾਲਾ ਸੌਸੇਜ ਜਾਂ ਇੱਕ ਨਿਰਵਿਘਨ ਸੌਸੇਜ ਹੈ।"

ਰੰਗ ਦੇ ਮਾਮਲੇ ਵਿੱਚ, ਜੇਕਰ ਤੁਸੀਂ ਆਪਣੇ ਮਲ ਵਿੱਚ ਕੋਈ ਕਾਲਾ ਜਾਂ ਲਾਲ ਰੰਗ ਦੇਖਦੇ ਹੋ, ਤਾਂ ਇਹ ਖੂਨ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ।

ਹਾਲਾਂਕਿ ਇਸ ਦਾ ਨੁਕਸਾਨ ਰਹਿਤ ਸਪੱਸ਼ਟੀਕਰਨ ਹੋ ਸਕਦਾ ਹੈ, ਪਰ ਇਹ ਕੋਲੋਰੈਕਟਲ ਕੈਂਸਰ ਦਾ ਸੰਕੇਤ ਹੋ ਸਕਦਾ ਹੈ ਅਤੇ ਇਸ ਲਈ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ।

ਜੇਕਰ ਤੁਹਾਨੂੰ ਨਿਯਮਿਤ ਤੌਰ 'ਤੇ ਦਸਤ ਲੱਗਦੇ ਹਨ ਜਾਂ ਅਚਾਨਕ ਜਾਣਾ ਪੈਂਦਾ ਹੈ ਜਾਂ ਜੇਕਰ ਤੁਹਾਨੂੰ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਕੜੱਵਲ, ਪੇਟ ਫੁੱਲਣਾ ਅਤੇ ਗੈਸ ਦਾ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਅੰਤ ਵਿੱਚ, ਜੇਕਰ ਤੁਸੀਂ ਹੋਰ "ਨਿਯਮਿਤ" ਹੋਣਾ ਚਾਹੁੰਦੇ ਹੋ, ਤਾਂ ਤਿੰਨ ਸਾਧਾਰਨ ਚੀਜ਼ਾਂ ਹਨ ਜੋ ਤੁਸੀਂ ਕਰ ਸਕਦੇ ਹੋ।

ਗਿਬਨਸ ਦੱਸਦੇ ਹਨ, "ਸਾਡੇ ਅਧਿਐਨ ਵਿੱਚ, ਗੋਲਡੀਲੌਕਸ ਜ਼ੋਨ ਦੇ ਲੋਕ ਜ਼ਿਆਦਾ ਫਲ ਅਤੇ ਸਬਜ਼ੀਆਂ ਖਾਂਦੇ ਸਨ, ਵਧੇਰੇ ਹਾਈਡਰੇਟਿਡ ਸਨ ਅਤੇ ਸਰੀਰਕ ਤੌਰ 'ਤੇ ਵਧੇਰੇ ਕਿਰਿਆਸ਼ੀਲ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)

admin

admin

Content creator at LTD News. Passionate about delivering high-quality news and stories.

Comments

Leave a Comment

Be the first to comment on this article!
Loading...

Loading next article...

You've read all our articles!

Error loading more articles

loader