ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਹੋਈ ਤਿੱਖੀ ਬਹਿਸ ਇਸ ਵੇਲੇ ਦੁਨੀਆਂ ਭਰ ਵਿੱਚ ਚਰਚਾ ਦਾ ਮੁੱਦਾ ਬਣੀ ਹੋਈ ਹੈ।
ਜ਼ੇਲੇਂਸਕੀ ਆਪਣੇ ਅਮਰੀਕਾ ਦੌਰੇ 'ਤੇ ਟਰੰਪ ਨਾਲ ਮੁਲਾਕਾਤ ਲਈ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਪਹੁੰਚੇ ਸਨ।
ਇਸ ਦੌਰਾਨ ਦੋਵਾਂ ਵਿਚਕਾਰ ਸ਼ੁਰੂ ਹੋਈ ਨਿੱਘੀ ਗੱਲਬਾਤ ਅਚਾਨਕ ਰੁੱਖੀ ਹੋ ਗਈ ਅਤੇ ਦੁਨੀਆਂ ਭਰ ਦੇ ਮੀਡੀਆ ਸਾਹਮਣੇ ਦੋਵਾਂ ਦੀ ਤਿੱਖੀ ਬਹਿਸ ਹੋਈ।
ਜਿਸ ਦੇ ਚੱਲਦਿਆਂ, ਅਮਰੀਕਾ ਅਤੇ ਯੂਕਰੇਨ ਵਿਚਕਾਰ ਖਣਿਜ ਵਾਲਾ ਚਰਚਿਤ ਸਮਝੌਤਾ ਵੀ ਨਹੀਂ ਹੋ ਸਕਿਆ। ਮੰਨਿਆ ਜਾ ਰਿਹਾ ਸੀ ਕਿ ਇਹ ਸਮਝੌਤਾ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਰੋਕਣ ਦੀ ਰਾਹ ਪੱਧਰੀ ਕਰ ਸਕਦਾ ਸੀ।
ਇਸ ਪੂਰੇ ਘਨਾਕ੍ਰਮ ਨੂੰ ਲੈ ਕੇ ਹੁਣ ਦੁਨੀਆਂ ਭਰ ਦੇ ਆਗੂਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ।
ਅਮਰੀਕਾਦੇ ਰਾਸ਼ਟਰਪਤੀ ਨਾਲ ਇਓਂ ਬਹਿਸ ਕਰਨ ਵਾਲੇ ਵੋਲੋਦੀਮੀਰ ਜ਼ੇਲੇਂਸਕੀ ਦੇ ਟਰੰਪ ਨਾਲ ਜੁੜੇ ਪੁਰਾਣੇ ਵਿਵਾਦ ਬਾਰੇ ਵੀ ਜਾਣਗੇ ਪਰ ਉਸ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਆਖ਼ਿਰ ਓਵਲ ਆਫ਼ਿਸ ਵਿੱਚ ਹੋਇਆ ਕੀ ਸੀ...
ਬਹਿਸ ਦੌਰਾਨ ਕਿਸ ਨੇ ਕੀ ਕਿਹਾ
ਜਿਸ ਵੇਲੇ ਦੋਵੇਂ ਆਗੂਆਂ ਵਿਚਕਾਰ ਇਹ ਬਹਿਸ ਹੋ ਰਹੀ ਸੀ, ਉਸ ਵੇਲੇ ਓਵਲ ਆਫਿਸ ਵਿੱਚ ਦੁਨੀਆਂ ਭਰ ਦੇ ਮੀਡੀਆ ਦੇ ਨਾਲ ਬੀਬੀਸੀ ਯੂਕਰੇਨੀਅਨ ਸੇਵਾ ਦੇ ਦੋ ਪੱਤਰਕਾਰ ਮਾਈਰੋਸਲਾਵਾ ਪੇਟਸਾ ਅਤੇ ਡੈਨੀਅਲ ਵਿਟਨਬਰਗ ਵੀ ਮੌਜੂਦ ਸਨ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਮ ਜਿਹੇ ਢੰਗ ਨਾਲ ਸ਼ੁਰੂ ਹੋਈ ਇਹ ਗੱਲਬਾਤ ਅਚਾਨਕ ਬਹਿਸ ਵਿੱਚ ਬਦਲ ਗਈ ਸੀ।
ਉਨ੍ਹਾਂ ਮੁਤਾਬਕ, ਸਭ ਕੁਝ ਕੂਟਨੀਤਕ ਢੰਗ ਨਾਲ ਚੱਲ ਰਿਹਾ ਸੀ। ਪਰ ਕੁਝ ਮਿੰਟਾਂ ਬਾਅਦ, ਜੋ ਹੋਇਆ ਉਸ ਨੂੰ ਬਿਆਨ ਕਰਨਾ ਬੜਾ ਔਖਾ ਹੈ।
ਅਮਰੀਕੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਦੌਰੇ 'ਤੇ ਆਏ ਯੂਕਰੇਨੀ ਆਗੂ ਨੂੰ ਨਿੰਦਿਆ ਕੀਤੀ ਅਤੇ ਜ਼ੇਲੇਂਸਕੀ 'ਤੇ ਇਲਜ਼ਾਮ ਲਗਾਇਆ ਕਿ ਉਹ ਯੂਕਰੇਨ ਦੇ ਯੁੱਧ ਦੇ ਯਤਨਾਂ ਲਈ ਅਮਰੀਕਾ ਵੱਲੋਂ ਲਗਾਤਾਰ ਮਿਲੇ ਸਮਰਥਨ ਲਈ ਉਸ ਤਰ੍ਹਾਂ ਸ਼ੁਕਰਗੁਜ਼ਾਰ ਨਹੀਂ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।
ਤਣਾਅ ਉਦੋਂ ਹੋਰ ਵੱਧ ਗਿਆ ਜਦੋਂ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਯੁੱਧ ਨੂੰ ਕੂਟਨੀਤੀ ਰਾਹੀਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਅੱਗੋਂ ਜ਼ੇਲੇਂਸਕੀ ਨੇ ਜਵਾਬ ਦਿੱਤਾ- ਕਿਹੋ ਜਿਹੀ ਕੂਟਨੀਤੀ।
ਟਰੰਪ ਨੇ ਇਹ ਵੀ ਕਿਹਾ, "ਤੁਸੀਂ ਤੀਜੇ ਵਿਸ਼ਵ ਯੁੱਧ ਦਾ ਜੂਆ ਖੇਡ ਰਹੇ ਹੋ ਅਤੇ ਤੁਸੀਂ ਜੋ ਕਰ ਰਹੇ ਹੋ ਉਹ ਦੇਸ਼ ਦਾ ਨਿਰਾ ਨਿਰਾਦਰ ਹੈ, ਇਸ ਦੇਸ਼ ਨੇ ਤੁਹਾਨੂੰ ਬਹੁਤ ਸਾਰੇ ਲੋਕਾਂ ਦੀ ਉਮੀਦ ਤੋਂ ਕਿਤੇ ਵੱਧ ਸਮਰਥਨ ਦਿੱਤਾ ਹੈ।"
ਵੈਂਸ ਨੇ ਕਿਹਾ, "ਕੀ ਤੁਸੀਂ ਇਸ ਪੂਰੀ ਮੀਟਿੰਗ ਵਿੱਚ ਇੱਕ ਵਾਰ ਵੀ 'ਧੰਨਵਾਦ' ਕਿਹਾ ਹੈ? ਨਹੀਂ।"।
ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਸੀ - ਅਤੇ ਸਭ ਕੁਝ ਖੁੱਲ੍ਹ ਕੇ ਸਾਹਮਣੇ ਸੀ। ਅਮਰੀਕੀ ਪੱਤਰਕਾਰਾਂ ਮੁਤਾਬਕ ਉਨ੍ਹਾਂ ਨੇ ਓਵਲ ਆਫ਼ਿਸ ਵਿੱਚ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਵੇਖਿਆ ਸੀ।
ਦੁਨੀਆਂ ਭਰ ਦੇ ਆਗੂ ਕੀ ਕਹਿ ਰਹੇ
ਕਈ ਯੂਰਪੀ ਦੇਸ਼ਾਂ ਦੇ ਆਗੂਆਂ ਨੇ ਯੂਕਰੇਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ, ਕੁਝ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵੈਂਸ 'ਤੇ ਇਲਜ਼ਾਮ ਲਗਾਇਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਰੂਸ ਨੇ ਯੂਕਰੇਨ 'ਤੇ ਗੈਰ-ਕਾਨੂੰਨੀ ਅਤੇ ਗਲਤ ਢੰਗ ਨਾਲ ਹਮਲਾ ਕੀਤਾ ਹੈ।"
"ਤਿੰਨ ਸਾਲਾਂ ਤੋਂ, ਯੂਕਰੇਨ ਨੇ ਹਿੰਮਤ ਨਾਲ ਮੁਕਾਬਲਾ ਕੀਤਾ ਹੈ। ਲੋਕਤੰਤਰ, ਆਜ਼ਾਦੀ ਅਤੇ ਪ੍ਰਭੂਸੱਤਾ ਲਈ ਉਨ੍ਹਾਂ ਦੀ ਲੜਾਈ, ਇੱਕ ਅਜਿਹੀ ਲੜਾਈ ਹੈ ਜੋ ਹਰ ਕਿਸੇ ਲਈ ਮਾਅਨੇ ਰੱਖਦੀ ਹੈ।"
ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਯੂਕਰੇਨ ਨੂੰ ਆਪਣਾ ਸਮਰਥਨ ਜਾਰੀ ਰੱਖੇਗਾ।
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਰੂਸ ਨੇ ਹਮਲਾ ਕੀਤਾ ਅਤੇ ਯੂਕਰੇਨ ਦੇ ਲੋਕਾਂ 'ਤੇ ਹਮਲਾ ਕੀਤਾ ਗਿਆ।
ਬਹਿਸ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ, "ਜੋ ਸ਼ੁਰੂ ਤੋਂ ਹੀ ਲੜ ਰਹੇ ਹਨ, ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।"
"ਮੈਨੂੰ ਲੱਗਦਾ ਹੈ ਕਿ ਅਸੀਂ ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਰੂਸ ਦੇ ਹਮਲੇ ਦੌਰਾਨ ਯੂਕਰੇਨ ਦੀ ਮਦਦ ਕਰਕੇ ਸਹੀ ਕੰਮ ਕੀਤਾ ਹੈ ਅਤੇ ਅਜਿਹਾ ਕਰਦੇ ਰਹਾਂਗੇ। ਅਸੀਂ, ਭਾਵ ਅਮਰੀਕਾ, ਯੂਰਪੀ ਦੇਸ਼, ਕੈਨੇਡੀਅਨ ਅਤੇ ਜਾਪਾਨੀ, ਸਾਰੇ ਯੂਕਰੇਨ ਦੇ ਮਦਦਗਾਰ ਹਨ।''
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਯੂਕਰੇਨੀ ਦੋਸਤੋ, ਤੁਸੀਂ ਇਕੱਲੇ ਨਹੀਂ ਹੋ।''
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਲਿਖਿਆ, ''ਯੂਕਰੇਨ, ਸਪੇਨ ਤੁਹਾਡੇ ਨਾਲ ਖੜ੍ਹਾ ਹੈ"।
ਇਸੇ ਤਰ੍ਹਾਂ, ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਰ ਸਟੋਰ ਨੇ ਲਿਖਿਆ, "ਅਸੀਂ ਯੂਕਰੇਨ ਦੇ ਨਾਲ ਹਾਂ ਅਤੇ ਇਸ ਟਕਰਾਅ ਵਿੱਚ ਸਥਾਈ ਸ਼ਾਂਤੀ ਚਾਹੁੰਦੇ ਹਾਂ''।
ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਵੀ ਯੂਕਰੇਨ ਦਾ ਸਮਰਥਨ ਕੀਤਾ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਏਰ ਸਟਾਰਮਰ ਨੇ ਟਰੰਪ ਅਤੇ ਜ਼ੇਲੇਂਸਕੀ ਦੋਵਾਂ ਨਾਲ ਗੱਲ ਕੀਤੀ ਹੈ।
10 ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ: "ਯੂਕਰੇਨ ਲਈ ਉਨ੍ਹਾਂ ਦਾ ਸਮਰਥਨ ਜਾਰੀ ਹੈ। ਉਹ ਯੂਕਰੇਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਂਤੀ ਦਾ ਰਸਤਾ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।''
ਉਨ੍ਹਾਂ ਅੱਗੇ ਕਿਹਾ, "ਪ੍ਰਧਾਨ ਮੰਤਰੀ ਐਤਵਾਰ ਨੂੰ ਰਾਸ਼ਟਰਪਤੀ ਜ਼ੇਲੇਂਸਕੀ ਸਮੇਤ ਹੋਰ ਅੰਤਰਰਾਸ਼ਟਰੀ ਆਗੂਆਂ ਦੀ ਮੇਜ਼ਬਾਨੀ ਲਈ ਉਤਸੁਕ ਹਨ।"
ਅਮਰੀਕੀ ਆਗੂ ਕੀ ਕਹਿ ਰਹੇ
ਇਸ ਬਾਰੇ ਹੁਣ ਅਮਰੀਕੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੀਐਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਗੱਲਬਾਤ ਪੂਰੀ ਤਰ੍ਹਾਂ ਅਸਫਲ ਰਹੀ ਅਤੇ ਜ਼ੇਲੇਂਸਕੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਉਨ੍ਹਾਂ ਨੂੰ ਉੱਥੇ ਜਾ ਕੇ ਅਜਿਹਾ ਵਿਰੋਧੀ ਰੁਖ਼ ਅਪਣਾਉਣ ਦੀ ਕੋਈ ਲੋੜ ਨਹੀਂ ਸੀ।"
ਦੂਜੇ ਪਾਸੇ ਡੈਮੋਕ੍ਰੇਟਿਕ ਸਾਂਸਦ ਚੱਕ ਸ਼ੂਮਰ ਨੇ ਐਕਸ 'ਤੇ ਲਿਖਿਆ, ''ਟਰੰਪ ਅਤੇ ਵੈਂਸ ਗੰਦਾ ਕੰਮ ਕਰ ਰਹੇ ਹਨ। ਸੀਨੇਟ ਡੈਮੋਕ੍ਰੇਟਸ ਆਜ਼ਾਦੀ ਅਤੇ ਲੋਕਤੰਤਰ ਲਈ ਲੜਨਾ ਕਦੇ ਨਹੀਂ ਬੰਦ ਕਰਨਗੇ।''
ਰਿਪਬਲਿਕਨ ਸਾਂਸਦ ਡੌਨ ਬੇਕਨ ਨੇ ਲਿਖਿਆ, "ਅਮਰੀਕੀ ਵਿਦੇਸ਼ ਨੀਤੀ ਲਈ ਇੱਕ ਬੁਰਾ ਦਿਨ ਰਿਹਾ। ਯੂਕਰੇਨ ਆਜ਼ਾਦੀ, ਮੁਕਤ ਬਾਜ਼ਾਰ ਅਤੇ ਕਾਨੂੰਨ ਦਾ ਰਾਜ ਚਾਹੁੰਦਾ ਹੈ। ਉਹ ਪੱਛਮ ਦਾ ਹਿੱਸਾ ਬਣਨਾ ਚਾਹੁੰਦਾ ਹੈ। ਰੂਸ ਸਾਨੂੰ ਅਤੇ ਸਾਡੀਆਂ ਪੱਛਮੀ ਕਦਰਾਂ-ਕੀਮਤਾਂ ਨੂੰ ਨਫ਼ਰਤ ਕਰਦਾ ਹੈ। ਸਾਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਆਜ਼ਾਦੀ ਦੇ ਹੱਕ ਵਿੱਚ ਖੜ੍ਹੇ ਹਾਂ।''
ਵ੍ਹਾਈਟ ਹਾਊਸ ਦੇ ਮਹਿਲਾ ਬੁਲਾਰੇ ਕੈਰੋਲੀਨ ਲੇਵਿਟ ਨੇ ਕਿਹਾ ਹੈ ਕਿ ਜ਼ੇਲੇਂਸਕੀ ਯੁੱਧ ਦੀ ਹਕੀਕਤ ਨੂੰ ਪਛਾਣਨ ਤੋਂ ਇਨਕਾਰ ਕਰ ਰਹੇ ਹਨ ਅਤੇ ਅਮਰੀਕਾ ਯੂਕਰੇਨ ਨੂੰ ਪੈਸੇ ਦੇ ਕੇ 'ਥੱਕ' ਚੁੱਕਿਆ ਹੈ।
ਕੌਣ ਹਨ ਵੋਲੋਦੀਮੀਰ ਜ਼ੇਲੇਂਸਕੀ
ਇੱਕ ਸਮਾਂ ਸੀ ਜਦੋਂ ਵੋਲੋਦੀਮੀਰ ਜ਼ੇਲੇਂਸਕੀ ਯੂਕਰੇਨ ਦੀ ਇੱਕ ਮਸ਼ਹੂਰ ਕਾਮੇਡੀ ਸੀਰੀਜ਼ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਵਿੱਚ ਦੇਸ ਦੇ ਲੋਕਾਂ ਦੇ ਸਾਹਮਣੇ ਆਏ ਸਨ।
ਫਿਰ ਅਪ੍ਰੈਲ 2019 ਵਿੱਚ ਉਹ ਸਮਾਂ ਆਇਆ ਜਦੋਂ ਉਹ ਸੱਚ ਵਿੱਚ ਹੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ। ਹੁਣ ਉਹ 4.4 ਕਰੋੜ ਲੋਕਾਂ ਦੀ ਰੂਸੀ ਹਮਲੇ ਦੇ ਸਾਹਮਣੇ ਅਗਵਾਈ ਕਰ ਰਹੇ ਹਨ।
ਰਾਸ਼ਟਰਪਤੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਰਵਾਇਤੀ ਸਿਆਸਤਦਾਨਾਂ ਵਰਗਾ ਨਹੀਂ ਸੀ।
ਕੇਂਦਰੀ ਸ਼ਹਿਰ ਕਰੀਵੀ ਰੀਹ ਵਿੱਚ ਯਹੂਦੀ ਮਾਪਿਆਂ ਦੇ ਘਰ ਜਨਮੇ, ਵੋਲੋਦੀਮੀਰ ਜ਼ੇਲੇਂਸਕੀ ਨੇ ਕੀਵ ਨੈਸ਼ਨਲ ਇਕਨਾਮਿਕ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਹਾਲਾਂਕਿ, ਇਸ ਤੋਂ ਬਾਅਦ ਉਹ ਕਾਮੇਡੀ ਦੇ ਖੇਤਰ ਵਿੱਚ ਚਲੇ ਗਏ ਅਤੇ ਇੱਕ ਕਾਮੇਡੀਅਨ ਵਜੋਂ ਹੀ ਮਸ਼ਹੂਰ ਹੋਏ।
ਇੱਕ ਨੌਜਵਾਨ ਵਜੋਂ ਉਨ੍ਹਾਂ ਨੇ ਨਿਯਮਿਤ ਤੌਰ 'ਤੇ ਰੂਸੀ ਟੀਵੀ 'ਤੇ ਇੱਕ ਪ੍ਰਤੀਯੋਗੀ ਟੀਮ ਤਹਿਤ ਕਾਮੇਡੀ ਸ਼ੋਅ ਵਿੱਚ ਹਿੱਸਾ ਲਿਆ ਸੀ।
2003 ਵਿੱਚ, ਉਨ੍ਹਾਂ ਨੇ ਆਪਣੀ ਕਾਮੇਡੀ ਟੀਮ 'ਕਵਾਰਟਲ 95' ਦੇ ਨਾਮ ਉੱਪਰ ਹੀ ਇੱਕ ਸਫ਼ਲ ਟੀਵੀ ਪ੍ਰੋਡਕਸ਼ਨ ਕੰਪਨੀ ਦੀ ਸਹਿ-ਸਥਾਪਨਾ ਕੀਤੀ।
ਕੰਪਨੀ ਨੇ ਯੂਕਰੇਨ ਦੇ 1+1 ਨੈਟਵਰਕ ਲਈ ਸ਼ੋਅ ਤਿਆਰ ਕੀਤੇ, ਜਿਸ ਦੇ ਵਿਵਾਦਗ੍ਰਸਤ ਅਰਬਪਤੀ ਮਾਲਕ, ਇਹੋਰ ਕੋਲੋਮੋਇਸਕੀ ਨੇ ਬਾਅਦ ਵਿੱਚ ਜ਼ੇਲੇਂਸਕੀ ਦੀ ਰਾਸ਼ਟਰਪਤੀ ਦੀ ਉਮੀਦਵਾਰੀ ਦਾ ਵੀ ਸਮਰਥਨ ਕੀਤਾ।
ਹਾਲਾਂਕਿ, 2010 ਦੇ ਦਹਾਕੇ ਦੇ ਅੱਧ ਤੱਕ, ਟੀਵੀ ਅਤੇ ਫਿਲਮਾਂ ਜਿਵੇਂ ਕਿ 'ਲਵ ਇਨ ਦਿ ਬਿਗ ਸਿਟੀਟ (2009) ਅਤੇ ਟਰਜ਼ੇਵਸਕੀ ਵਰਸੇਸ ਨੈਪੋਲੀਅਨਟ (2012) ਤੱਕ ਉਨ੍ਹਾਂ ਦਾ ਆਪਣੇ ਕਾਮੇਡੀ ਕਰੀਅਰ ਉੱਤੇ ਹੀ ਧਿਆਨ ਸੀ।
ਕਾਮੇਡੀ ਸ਼ੋਅ ਦੇ ਨਾਮ ਤੇ ਬਣਾਈ ਸਿਆਸੀ ਪਾਰਟੀ
ਜ਼ੇਲੇਂਸਕੀ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਲਈ ਮੰਚ 2014 ਦੀਆਂ ਅਸ਼ਾਂਤ ਘਟਨਾਵਾਂ ਦੌਰਾਨ ਤਿਆਰ ਹੋਇਆ, ਜਦੋਂ ਯੂਕਰੇਨ ਦੇ ਰੂਸੀ ਸਮਰਥਕ ਰਾਸ਼ਟਰਤੀ ਵਿਕਟਰ ਯਾਨੂਕੋਵਿਚ ਨੂੰ ਕੁਝ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਅਹੁਦੇ ਤੋਂ ਹਟਾਅ ਦਿੱਤਾ ਗਿਆ।
ਰੂਸ ਨੇ ਫਿਰ ਕ੍ਰੀਮੀਆ 'ਤੇ ਕਬਜ਼ਾ ਕਰ ਲਿਆ ਅਤੇ ਯੂਕਰੇਨ ਦੇ ਪੂਰਬ ਵਿੱਚ (ਦੋਨਤੇਸਕ ਤੇ ਲੁਹਾਂਸਕ ਖੇਤਰਾਂ ਵਿੱਚ) ਵੱਖਵਾਦੀਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ।
ਇੱਕ ਸਾਲ ਬਾਅਦ ਅਕਤੂਬਰ 2015 ਵਿੱਚ ਹੀ ਜ਼ੇਲੇਂਸਕੀ ਦੀ ਭੂਮਿਕਾ ਵਾਲਾ ਨਾਟਕ 'ਸਰਵੈਂਟ ਆਫ਼ ਦਿ ਪੀਪਲ' 1+1 ਉੱਪਰ ਦਿਖਿਆ ਗਿਆ। ਉਹ ਭੂਮਿਕਾ ਜ਼ੇਲੇਂਸਕੀ ਨੇ ਆਪਣੀ ਅਸਲੀ ਜ਼ਿੰਦਗੀ ਵਿੱਚ ਵੀ ਸਾਕਾਰ ਕਰ ਦਿਖਾਈ।
ਉਨ੍ਹਾਂ ਨੇ ਤਤਕਾਲੀ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਜੋ ਕਿ ਸਾਲ 2014 ਤੋਂ ਸੱਤਾ ਵਿੱਚ ਸਨ ਨੂੰ ਹਰਾਇਆ।
ਚੋਣਾਂ ਤੋਂ ਪਹਿਲਾਂ ਟੀਵੀ ਡਿਬੇਟ ਵਿੱਚ ਉਨ੍ਹਾਂ ਨੇ ਕਿਹਾ ਸੀ, ''ਮੈਂ ਸਿਆਸਤਦਾਨ ਨਹੀਂ ਹਾਂ। ਮੈਂ ਇੱਕ ਆਮ ਇਨਸਾਨ ਹਾਂ ਜੋ ਸਿਸਟਮ ਨੂੰ ਚੁਣੌਤੀ ਦੇਣ ਆਇਆ ਹੈ।''
ਉਹ 73.2% ਵੋਟਾਂ ਨਾਲ ਜਿੱਤੇ ਅਤੇ ਉਨ੍ਹਾਂ ਨੇ 20 ਮਈ 2019 ਨੂੰ ਯੂਕਰੇਨ ਦੇ ਛੇਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
ਅਮਰੀਕਾ ਨਾਲ ਸੰਬੰਧ ਅਤੇ ਜ਼ੇਲੇਂਸਕੀ-ਟਰੰਪ ਨਾਲ ਜੁੜਿਆ ਵਿਵਾਦ
ਜੁਲਾਈ 2019 ਵਿੱਚ, ਰਿਪਬਲਿਕਨ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਫ਼ੋਨ ਕਾਲ ਦੌਰਾਨ ਜ਼ੇਲੇਂਸਕੀ ਤੋਂ ਸਹਿਯੋਗ ਮੰਗਿਆ।
ਟਰੰਪ ਚਾਹੁੰਦੇ ਸਨ ਕਿ ਜ਼ੇਲੇਂਸਕੀ, ਬਾਇਡਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ। ਬਾਇਡਨ ਡੈਮੋਕ੍ਰੇਟਸ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਸਨ ਅਤੇ ਅੱਗੇ ਚੱਲ ਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ।
ਜਾਂਚ ਦੇ ਬਦਲੇ ਜ਼ੇਲੇਂਸਕੀ ਨੂੰ ਉਨ੍ਹਾਂ ਦੀ ਅਗਲੀ ਵਸ਼ਿੰਗਟਨ ਯਾਤਰਾ ਦੌਰਾਨ ਅਮਰੀਕਾ ਦੀ ਫੌਜੀ ਮਦਦ ਦਾ ਭਰੋਸਾ ਦਿੱਤਾ ਗਿਆ।
ਵ੍ਹਿਸਲਬਲੋਅਰ ਕਾਰਨ ਜਦੋਂ ਇਸ ਕਾਲ ਦੀ ਡਿਟੇਲ ਜਨਤਕ ਹੋਈ ਤਾਂ ਡੌਨਲਡ ਟਰੰਪ 'ਤੇ ਇਲਜ਼ਾਮ ਲੱਗਾ ਕੀ ਉਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਯੂਕਰੇਨ ਦੇ ਆਗੂ 'ਤੇ ਦਬਾਅ ਪਾਇਆ ਤਾਂ ਜੋ ਇੱਕ ਸਿਆਸੀ ਵਿਰੋਧੀ ਖ਼ਿਲਾਫ਼ ਜਾਣਕਾਰੀ ਕਢਵਾਈ ਜਾ ਸਕੇ।
ਟਰੰਪ ਅਡੋਲ ਸੀ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ, ਜਦੋਂ ਕਿ ਜ਼ੇਲੇਂਸਕੀ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ।
ਲੁਕਵੀਂ ਜਾਇਦਾਦ ਦੇ ਇਲਜ਼ਾਮ
ਅਕਤੂਬਰ 2021 ਵਿੱਚ ਜ਼ੇਲੇਂਸਕੀ ਦਾ ਨਾਮ ਪੰਡੋਰਾ ਪੇਪਰਜ਼ ਵਿੱਚ ਸਾਹਮਣੇ ਆਇਆ। ਵੱਡੇ ਪੱਧਰ 'ਤੇ ਲੀਕ ਹੋਣ ਵਾਲ ਦਸਤਾਵੇਜ਼ਾਂ ਨੇ ਦੁਨੀਆ ਦੇ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਲੁਕੀ ਹੋਈ ਦੌਲਤ ਦਾ ਪਰਦਾਫਾਸ਼ ਕੀਤਾ ਸੀ।
ਪੰਡੋਰਾ ਪੇਪਰਜ਼ ਵਿੱਚ ਦੁਨੀਆਂ ਭਰ ਦੇ ਆਗੂਆਂ, ਸਿਆਸਤਦਾਨਾਂ ਅਤੇ ਅਰਬਪਤੀਆਂ ਦੀ ਗੁਪਤ ਮਾਇਆ, ਸੰਪਤੀ ਅਤੇ ਸੌਦੇਬਾਜ਼ੀ ਦੇ ਇੱਕ ਸਭ ਤੋਂ ਵੱਡੇ ਵਿੱਤੀ ਦਸਤਾਵੇਜ਼ ਜ਼ਰੀਏ ਪਰਦਾਫਾਸ਼ ਕੀਤਾ ਗਿਆ ਸੀ।
ਲਗਭਗ 35 ਤਤਕਾਲੀ ਅਤੇ ਸਾਬਕਾ ਆਗੂ ਅਤੇ 300 ਤੋਂ ਵੀ ਵੱਧ ਜਨਤਕ ਅਧਿਕਾਰੀਆਂ ਦੇ ਨਾਮ ਵਿਦੇਸ਼ੀ ਕੰਪਨੀਆਂ ਦੀਆਂ ਫਾਈਲਾਂ 'ਚ ਦਰਜ ਕੀਤੇ ਗਏ ਹਨ, ਜਿੰਨ੍ਹਾਂ ਨੂੰ ਪੰਡੋਰਾ ਪੇਪਰਜ਼ ਦਾ ਨਾਂਅ ਦਿੱਤਾ ਗਿਆ ।
ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਜ਼ੇਲੇਂਸਕੀ ਅਤੇ ਉਨ੍ਹਾਂ ਦਾ ਨਜ਼ਦੀਕੀ ਘੇਰਾ ਆਫਸ਼ੋਰ ਕੰਪਨੀਆਂ ਦੇ ਨੈਟਵਰਕ ਦੇ ਲਾਭਪਾਤਰੀ ਸੀ।
ਪਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦਸਤਾਵੇਜ਼ਾਂ ਵਿੱਚ ਕੋਈ ਵੇਰਵਾ ਨਹੀਂ ਦੇਖਿਆ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਜਾਂ ਉਨ੍ਹਾਂ ਦੀ ਕੰਪਨੀ ਕਵਾਰਟਲ 95 ਦਾ ਕੋਈ ਵਿਅਕਤੀ, ਮਨੀ ਲਾਂਡਰਿੰਗ ਵਿੱਚ ਸ਼ਾਮਲ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
Comments
Leave a Comment