'ਮਾਪਿਆਂ ਨੂੰ ਕੋਈ ਦਿੱਕਤ ਨਹੀਂ,ਪਰ ਸਮਾਜ ਨੂੰ ਹੈ', ਸਤਿੰਦਰ ਸੱਤੀ ਅਤੇ ਮੈਂਡੀ ਤੱਖੜ ਦੀ 'ਟੈਲੇਂਟ ਮੈਨੇਜਰ' ਰਹੀ ਕੁੜੀ ਦੀ ਕਹਾਣੀ

Facebook Twitter LinkedIn
'ਮਾਪਿਆਂ ਨੂੰ ਕੋਈ ਦਿੱਕਤ ਨਹੀਂ,ਪਰ ਸਮਾਜ ਨੂੰ ਹੈ', ਸਤਿੰਦਰ ਸੱਤੀ ਅਤੇ ਮੈਂਡੀ ਤੱਖੜ ਦੀ 'ਟੈਲੇਂਟ ਮੈਨੇਜਰ' ਰਹੀ ਕੁੜੀ ਦੀ ਕਹਾਣੀ

ਮਨੋਰੰਜਨ ਜਗਤ ਵਿੱਚ ਪਰਦੇ ਦੇ ਪਿੱਛੇ ਕੰਮ ਕਰਨ ਵਾਲੀਆਂ ਮਹਿਲਾਵਾਂ ਦੀਆਂ ਕਹਾਣੀਆਂ ਦੀ ਲੜੀ ਵਿੱਚ ਅੱਜ ਜ਼ਿਕਰ ਸੰਦੀਪ ਵਿਰਕ ਦਾ ਕਰ ਰਹੇ ਹਾਂ।

ਸੰਦੀਪ ਵਿਰਕ ਇੱਕ 'ਟੈਲੇਂਟ ਮੈਨੇਜਰ' ਹਨ, ਜਿਨ੍ਹਾਂ ਨੂੰ ਅਕਸਰ ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਦਾ ਪ੍ਰਬੰਧ ਸੰਭਾਲਦਿਆਂ ਦੇਖਿਆ ਜਾਂਦਾ ਹੈ।

ਸੰਦੀਪ ਮੋਹਾਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਹਰਿਆਣਾ ਦੇ ਕੈਥਲ ਨਾਲ ਸਬੰਧਤ ਹੈ।

ਕਿਵੇਂ ਹੋਈ ਕਰੀਅਰ ਦੀ ਸ਼ੁਰੂਆਤ ?

ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਸਿੱਖਿਆ ਯਾਫ਼ਤਾ ਸੰਦੀਪ ਨੇ ਪੜ੍ਹਾਈ ਦੌਰਾਨ ਹੀ ਇੱਕ ਕੰਪਨੀ ਤੋਂ ਟ੍ਰੇੇਨਿੰਗ ਲਈ ਅਤੇ ਉਨ੍ਹਾਂ ਨੇ ਪੰਜਾਬੀ ਸੈੇਲੇਬ੍ਰਿਟੀਜ਼ ਦੀ ਇੱਕ ਕ੍ਰਿਕਟ ਲੀਗ ਵਿੱਚ ਕੰਮ ਕੀਤਾ ਸੀ।

ਇੱਥੇ ਹੀ ਇੱਕ ਟੀਮ ਦੇ ਮਾਲਕ ਨੇ ਸੰਦੀਪ ਦਾ ਕੰਮ ਦੇਖ ਕੇ ਅਦਾਕਾਰਾ ਮੈਂਡੀ ਤੱਖੜ ਦੀ ਮੈਨੇਜਮੈਂਟ ਸੰਭਾਲਨ ਦੀ ਪੇਸ਼ਕਸ਼ ਦਿੱਤੀ, ਜਿਸ ਤੋਂ ਸੰਦੀਪ ਦੇ ਕਰੀਅਰ ਦੀ ਸ਼ੁਰੂਆਤ ਹੋਈ।

ਸੰਦੀਪ ਦੱਸਦੇ ਹਨ ਕਿ ਉਹ 2016 ਵਿੱਚ ਮੈਂਡੀ ਦੀ ਫ਼ਿਲਮ 'ਰੱਬ ਦਾ ਰੇਡੀਓ' ਦੌਰਾਨ ਉਨ੍ਹਾਂ ਨਾਲ ਜੁੜੇ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਸਤਿੰਦਰ ਸੱਤੀ ਦਾ ਕੰਮ ਸੰਭਾਲਨਾ ਸ਼ੁਰੂ ਕੀਤਾ, ਜੋ ਕਿ ਉਸ ਵੇਲੇ ਪੰਜਾਬ ਆਰਟਸ ਕਾਉਂਸਲ ਦੇ ਚੇਅਰਪਰਸਨ ਸਨ।

ਬਾਅਦ ਵਿੱਚ ਉਨ੍ਹਾਂ ਨੇ ਵਾਮਿਕਾ ਗੱਬੀ, ਅਨਮੋਲ ਗਗਨ ਮਾਨ ਅਤੇ ਕਈ ਹੋਰ ਕਲਾਕਾਰਾਂ ਨਾਲ ਵੀ ਕੰਮ ਕੀਤਾ।

ਸੰਦੀਪ ਮੁਤਾਬਕ ਹੁਣ ਉਨ੍ਹਾਂ ਨੇ ਵੂਈਮੈਨੇਜ ਨਾਮ ਦੀ ਕੰਪਨੀ ਸ਼ੁਰੂ ਕੀਤੀ ਜਿਸ ਵਿੱਚ ਉਹ ਕਈ ਕਲਾਕਾਰਾਂ ਲਈ ਮੈਨੇਜਮੈਂਟ ਕਰ ਰਹੇ ਹਨ। ਇਨ੍ਹਾਂ ਵਿੱਚ ਸਤਿੰਦਰ ਸੱਤੀ, ਅਦਾਕਾਰਾ ਰੂਪੀ ਗਿੱਲ ਅਤੇ ਗਾਇਕਾ ਰੁਪਿੰਦਰ ਹਾਂਡਾ ਸਮੇਤ ਪੰਜਾਬੀ ਮਨੋਰੰਜਨ ਜਗਤ ਦੇ ਕਈ ਹੋਰ ਨਾਮ ਸ਼ਾਮਲ ਹਨ।

'ਟੈਲੇਂਟ ਮੈਨੇਜਰ' ਦਾ ਕੀ ਕੰਮ ਹੁੰਦਾ ਹੈ?

ਜਿਸ ਤਰ੍ਹਾਂ ਕਿਸੇ ਵੀ ਕਾਰੋਬਾਰ ਦਾ ਪ੍ਰਬੰਧ ਸੰਭਾਲਣ ਲਈ ਪ੍ਰਬੰਧਕ (ਮੈਨੇਜਰ) ਹੁੰਦੇ ਹਨ, ਉਸੇ ਤਰ੍ਹਾਂ ਇੱਕ ਕਲਾਕਾਰ ਦਾ ਪ੍ਰਬੰਧਕੀ ਕੰਮ ਸੰਭਾਲਣ ਲਈ ਵੀ ਪ੍ਰਬੰਧਕ ਹੁੰਦੇ ਹਨ ਜਿਨ੍ਹਾਂ ਨੂੰ ਟੈਲੇਂਟ ਮੈਨੇਜਰ ਜਾਂ ਆਰਟਿਸਟ ਮੈਨੇਜਰ ਕਿਹਾ ਜਾਂਦਾ ਹੈ।

ਟੈਲੇਂਟ ਮੈਨੇਜਰ ਦਾ ਕੰਮ ਕਲਾਕਾਰਾਂ ਦੇ ਫ਼ੋਨ, ਸੋਸ਼ਲ ਮੀਡੀਆ ਅਤੇ ਸ਼ੈਡਿਊਲ ਮੈਨੇਜ ਕਰਨ ਤੋਂ ਇਲਾਵਾ, ਵੱਖ-ਵੱਖ ਬਰਾਂਡਜ਼ ਨਾਲ ਡੀਲ਼ਜ਼ ਕਰਵਾਉਣ, ਸ਼ੋਅ ਬੁੱਕ ਕਰਾਉਣ, ਕਲਾਕਾਰ ਦਾ ਕਾਰੋਬਾਰ ਵਧਾਉਣ, ਸ਼ੋਅ ਨੇਪਰੇ ਚੜ੍ਹਾਉਣਾ ਲਈ ਹਰ ਲੋੜੀਂਦੀ ਤਿਆਰੀ ਦਾ ਪ੍ਰਬੰਧ ਕਰਨਾ ਸ਼ਾਮਲ ਹੈ।

ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧ, ਪਬਲਿਕ ਰਿਲੇਸ਼ਨ ਸਟਾਇਲਿੰਗ, ਟਰਾਂਸਪੋਰਟ, ਰਹਿਣ-ਸਹਿਣ ਦੇ ਇੰਤਜ਼ਾਮ ਤੋਂ ਲੈ ਕੇ ਕਲਾਕਾਰ ਲਈ ਬਿਹਤਰ ਮੌਕੇ ਤਲਾਸ਼ਣੇ, ਈਮੇਜ ਬਿਲਡਿੰਗ ਅਤੇ ਕਲਾਕਾਰ ਨੂੰ ਹੋਰ ਵੱਡਾ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਹੁੰਦੀਆਂ ਹਨ।

ਸੰਦੀਪ ਨੇ ਦੱਸਿਆ ਕਿ ਪੰਜਾਬੀ ਮਨੋਰੰਜਨ ਜਗਤ ਵਿੱਚ ਕਲਾਕਾਰਾਂ ਦੇ ਮੈਨੇਜਰ ਜ਼ਿਆਦਾਤਰ ਉਨ੍ਹਾਂ ਦੇ ਰਿਸ਼ਤੇਦਾਰ ਹੀ ਹੁੰਦੇ ਹਨ, ਪਰ ਹੁਣ ਦੌਰ ਪ੍ਰੋਫੈਸ਼ਨਲ ਟੈਲੇਂਟ ਮੈਨੇਜਰਾਂ ਦਾ ਸ਼ੁਰੂ ਹੋ ਚੁੱਕਿਆ ਹੈ।

ਇੱਕ ਟੈਲੇਂਟ ਮੈਨੇਜਰ ਦਾ ਕੰਮ ਖ਼ੁਦ ਪਿੱਛੇ ਰਹਿ ਕੇ ਕਲਾਕਾਰ ਲਈ ਕੰਮ ਕਰਨਾ ਹੁੰਦਾ ਹੈ।

ਸੰਦੀਪ ਮੰਨਦੇ ਹਨ ਕਿ ਕਿਸੇ ਦੂਜੇ ਦੀ ਸਫਲਤਾ ਲਈ ਕੋਸ਼ਿਸ਼ ਕਰਨੀ ਬਹੁਤ ਜਿਗਰੇ ਵਾਲਾ ਕੰਮ ਹੁੰਦਾ ਹੈ।

ਉਹ ਕਹਿੰਦੇ ਹਨ, "ਜੋ ਕੋਸ਼ਿਸ਼ ਤੁਸੀਂ ਕਿਸੇ ਕਲਾਕਾਰ ਲਈ ਕਰਦੇ ਹੋ, ਉਹ ਆਪਣੇ ਲਈ ਵੀ ਕਰ ਸਕਦੇ ਹੋ ਪਰ ਟੈਲੇਂਟ ਮੈਨੇਜਮੈਂਟ ਅਜਿਹਾ ਕੰਮ ਹੈ ਕਿ ਕਿਸੇ ਸ਼ੋਅ ਵਿੱਚ ਜਦੋਂ ਕਲਾਕਾਰ ਲਈ ਲੱਖਾਂ ਕਰੋੜਾਂ ਲੋਕ ਤਾੜੀਆਂ ਵਜਾ ਰਹੇ ਹੁੰਦੇ ਹਨ ਤਾਂ ਮੈਨੇਜਰ ਪਿੱਛੇ ਖੜ੍ਹਾ ਆਪਣੇ ਆਪ ਵਿੱਚ ਹੀ ਖੁਸ਼ ਹੋ ਰਿਹਾ ਹੁੰਦਾ ਹੈ ਅਤੇ ਇਸ ਵਿੱਚ ਆਪਣੀ ਕਾਮਯਾਬੀ ਮਹਿਸੂਸ ਕਰ ਰਿਹਾ ਹੁੰਦਾ ਹੈ।"

"ਮੈਨੂੰ ਰਾਤ ਦੇ ਦੋ ਵਜੇ ਘਰ ਪਰਤਣ 'ਚ ਕੋਈ ਦਿੱਕਤ ਨਹੀਂ, ਪਰ ਸਮਾਜ ਨੂੰ ਹੈ"

ਮਨੋਰੰਜਨ ਸਨਅਤ ਕੁੜੀਆਂ ਲਈ ਸੁਰੱਖਿਅਤ ਨਾ ਹੋਣ ਵਾਲੀ ਧਾਰਨਾ ਨਾਲ ਸੰਦੀਪ ਵਿਰਕ ਬਹੁਤੇ ਸਹਿਮਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਉਨ੍ਹਾਂ ਨੂੰ ਬਤੌਰ ਕੁੜੀ ਕਦੇ ਕੋਈ ਵੱਡੀ ਔਖਿਆਈ ਦਾ ਸਾਹਮਣਾ ਨਹੀਂ ਕਰਨਾ ਪਿਆ।

ਸੰਦੀਪ ਨੇ ਦੱਸਿਆ, "ਮੈਂ 100-150 ਆਦਮੀਆਂ ਦੇ ਕਰੂ ਵਿੱਚ ਇਕੱਲੀ ਨੇ ਵੀ ਕੰਮ ਕੀਤਾ ਹੈ, ਮੈਨੂੰ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਹੋਇਆ ਅਤੇ ਅਜਿਹਾ ਕੋਈ ਕੰਮ ਨਹੀਂ, ਜੋ ਕੁੜੀ ਹੋ ਕੇ ਮੈਂ ਇੱਥੇ ਨਾ ਕਰ ਸਕੀ ਹੋਵਾਂ।"

ਸੰਦੀਪ ਮਹਿਸੂਸ ਕਰਦੇ ਹਨ ਕਿ ਕਲਾਕਾਰਾਂ ਬਾਰੇ ਵੀ ਆਮ ਤੌਰ 'ਤੇ ਕਈ ਗ਼ਲਤ-ਧਾਰਨਾਵਾਂ ਹੁੰਦੀਆਂ ਹਨ, ਪਰ ਮੈਨੇਜਰ ਵਜੋਂ ਜਦੋਂ ਤੁਸੀਂ ਉਨ੍ਹਾਂ ਦੀ ਸ਼ਖਸੀਅਤ ਦੇ ਦੂਜੇ ਪੱਖ ਤੋਂ ਜਾਣੂ ਹੋ ਜਾਂਦੇ ਹੋ ਤਾਂ ਉਨ੍ਹਾਂ ਦਾ ਕੰਮ ਸੰਭਾਲਣਾ ਬਹੁਤ ਸੌਖਾ ਹੋ ਜਾਂਦਾ ਹੈ।

ਸੰਦੀਪ ਕਹਿੰਦੇ ਹਨ, "ਕੁੜੀ ਹੋ ਕੇ ਔਰਤ ਕਲਾਕਾਰਾਂ ਲਈ ਮੈਨੇਜਮੈਂਟ ਦਾ ਕੰਮ ਕਰਨਾ ਦੋਹਰੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਕਿਉਂਕਿ ਤੁਸੀਂ ਉਨ੍ਹਾਂ ਨੂੰ ਵੀ ਸੁਰੱਖਿਅਤ ਘੇਰੇ ਵਿੱਚ ਰੱਖਣਾ ਹੁੰਦਾ ਹੈ ਅਤੇ ਖ਼ੁਦ ਨੂੰ ਵੀ।"

ਸੰਦੀਪ ਵਿਰਕ ਨੇ ਦੱਸਿਆ ਕਿ ਜਦੋਂ ਉਹ ਇਸ ਖੇਤਰ ਵਿੱਚ ਨਵੇਂ ਸਨ, ਤਾਂ ਇੰਡਸਟਰੀ ਦੇ ਲੋਕ ਵੀ ਮਹਿਲਾ ਮੈਨੇਜਰ ਵਜੋਂ ਉਨ੍ਹਾਂ ਨਾਲ ਡੀਲ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਸਨ। ਪਰ ਜਿਸ ਸਪਸ਼ਟਤਾ ਤੇ ਕੁਸ਼ਲਤਾ ਨਾਲ ਕੁੜੀਆਂ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਉਹ ਤਜ਼ਰਬੇ ਸਕਰਾਤਮਕ ਰਹੇ ਹਨ।

ਵਿਰਕ ਨੇ ਇਹ ਜ਼ਰੂਰ ਕਿਹਾ ਕਿ ਭਾਵੇਂ ਇਸ ਖੇਤਰ ਦੀਆਂ ਕੁੜੀਆਂ ਬੇਹੱਦ ਹੁਨਰਮੰਦ ਹਨ, ਪਰ ਕਿਉਂਕਿ ਮਨੋਰੰਜਨ ਜਗਤ ਸ਼ੌਕੀਨ ਲੋਕਾਂ ਦੀ ਦੁਨੀਆਂ ਹੈ, ਇਸ ਲਈ ਬਹੁਤ ਸਾਰੀਆਂ ਡੀਲਜ਼ ਮਹਿਫ਼ਲਾਂ ਵਿੱਚ ਪੱਕੀਆਂ ਹੋ ਜਾਂਦੀਆਂ ਹਨ, ਪਰ ਕੁੜੀਆਂ ਲਈ ਉਨ੍ਹਾਂ ਮਹਿਫ਼ਲਾਂ ਵਿੱਚ ਦੇਰ ਰਾਤ ਬਹਿਣਾ ਔਖਾ ਹੁੰਦਾ ਹੈ।

ਸੰਦੀਪ ਇਹ ਵੀ ਕਹਿੰਦੇ ਹਨ, "ਮੇਰੇ ਲਈ ਕੁੜੀ ਵਜੋਂ ਇਸ ਖੇਤਰ ਦੀਆਂ ਕੋਈ ਖ਼ਾਸ ਚੁਣੌਤੀਆਂ ਨਹੀਂ, ਪਰ ਸਮਾਜ ਵੱਲੋਂ ਜ਼ਰੂਰ ਹਨ।"

"ਮੈਨੂੰ ਕੰਮ ਕਰਕੇ ਰਾਤ ਨੂੰ ਦੋ ਵਜੇ ਘਰ ਪਰਤਣ ਵਿੱਚ ਕੋਈ ਦਿੱਕਤ ਨਹੀਂ, ਪਰ ਸਮਾਜ ਨੂੰ ਦਿੱਕਤ ਹੈ। ਮੇਰੇ ਮਾਪੇ ਕਹਿੰਦੇ ਹਨ ਕਿ ਸਾਨੂੰ ਤਾਂ ਪਤਾ ਹੈ ਤੂੰ ਕਿੱਥੋਂ ਆਈ ਹੈਂ, ਪਰ ਆਲੇ ਦੁਆਲੇ ਦੇ ਲੋਕ ਪੁੱਛਦੇ ਹਨ ਕਿ ਤੁਹਾਡੀ ਕੁੜੀ ਰਾਤ ਦੇ ਦੋ-ਤਿੰਨ ਵਜੇ ਤੱਕ ਕਿੱਥੇ ਸੀ। ਇਹ ਦਿੱਕਤਾਂ ਤਾਂ ਹਨ, ਜਿਨ੍ਹਾਂ ਦਾ ਕਿਸੇ ਮੁੰਡੇ ਨੂੰ ਨਹੀਂ ਸਾਹਮਣਾ ਨਹੀਂ ਕਰਨਾ ਪੈਂਦਾ।"

ਟੈਲੇਂਟ ਮੈਨੇਜਮੈਂਟ ਦਾ ਪੇਸ਼ਾ ਆਮ ਲੋਕਾਂ ਵਿੱਚ ਹਾਲੇ ਬਹੁਤਾ ਪ੍ਰਚਲਿਤ ਨਾ ਹੋਣ ਦੇ ਲਿਹਾਜ਼ ਨਾਲ ਸੰਦੀਪ ਨੇ ਦੱਸਿਆ, "ਮੇਰੇ ਮਾਪਿਆਂ ਨੂੰ ਹਾਲੇ ਵੀ ਕਿਸੇ ਨੂੰ ਦੱਸਣਾ ਬਹੁਤ ਔਖਾ ਲੱਗਦਾ ਹੈ ਕਿ ਉਨ੍ਹਾਂ ਦੀ ਧੀ ਕੀ ਕੰਮ ਕਰਦੀ ਹੈ, ਉਹ ਕਹਿ ਦਿੰਦੇ ਹਨ ਕਿ ਪੜ੍ਹ ਰਹੀ ਹੈ। ਬੱਚਾ ਇੰਜੀਨੀਅਰ ਜਾਂ ਡਾਕਟਰ ਹੈ, ਇਹ ਦੱਸਣਾ ਸੌਖਾ ਲੱਗਦਾ ਹੈ, ਪਰ ਉਨ੍ਹਾਂ ਲਈ ਕਿਸੇ ਹੋਰ ਨੂੰ ਸਾਡੇ ਪੇਸ਼ੇ ਬਾਰੇ ਸਮਝਾਉਣਾ ਔਖਾ ਲੱਗਦਾ ਹੈ।"

ਨਾਲ ਹੀ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਦੇਖ ਕੇ ਮਾਪੇ ਮਾਣ ਤਾਂ ਮਹਿਸੂਸ ਕਰਦੇ ਹਨ, ਪਰ ਇਸ ਭਵਿੱਖ ਵਿੱਚ ਇਸ ਪੇਸ਼ੇ ਦੀ ਸਥਿਰਤਾ ਨੂੰ ਲੈ ਕੇ ਹਾਲੇ ਵੀ ਦੁਚਿੱਤੀ ਵਿੱਚ ਹਨ।

ਕੀ ਹੈ ਸੰਦੀਪ ਦਾ ਸੁਫ਼ਨਾ?

ਪੰਜਾਬ ਵਿੱਚ ਟੈਂਲੇਂਟ ਮੈਨੇਜਮੈਂਟ ਦਾ ਟਰੈਂਡ ਬਹੁਤਾ ਪੁਰਾਣਾ ਨਹੀਂ ਹੈ, ਪਰ ਮੁੰਬਈ ਦੀ ਇੰਡਸਟਰੀ ਵਿੱਚ ਟੈਲੇਂਟ ਮੈਨੇਜਮੈਂਟ ਇੱਕ ਵੱਡੀ ਇੰਡਸਟਰੀ ਹੈ।

ਉੱਥੇ ਕਈ ਵੱਡੀਆਂ ਕੰਪਨੀਆਂ ਹਨ, ਜੋ ਵੱਖ-ਵੱਖ ਕਲਾਕਾਰ ਲਈ ਮੈਨੇਜਮੈਂਟ ਦਾ ਕੰਮ ਕਰਦੀਆਂ ਹਨ।

ਸੰਦੀਪ ਦਾ ਸੁਫ਼ਨਾ ਹੈ ਕਿ ਉਹ ਆਪਣੀ ਕੰਪਨੀ ਨੂੰ ਵੀ ਉੱਚ ਮੁਕਾਮ 'ਤੇ ਲੈ ਜਾਣ ਅਤੇ ਵੱਖ-ਵੱਖ ਕਲਾਕਾਰਾਂ ਨੂੰ ਮੈਨੇਜਮੈਂਟ ਨਾਲ ਸਬੰਧਤ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਟਰੈਂਡ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕਲਾਕਾਰ ਨੂੰ ਪੇਸ਼ੇਵਾਰ ਮੈਨੇਜਰ ਦੀ ਲੋੜ ਹੈ ਤਾਂ ਕਿ ਬਿਹਤਰ ਤਰੀਕੇ ਨਾਲ ਕੰਮ ਹੋ ਸਕੇ।

ਮਨੋਰੰਜਨ ਜਗਤ ਵਿੱਚ ਪਰਦੇ ਪਿੱਛੇ ਕੰਮ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਘੱਟ ਹੈ ਅਤੇ ਸੰਦੀਪ ਮਹਿਸੂਸ ਕਰਦੇ ਹਨ ਕਿ ਜੇ ਟੈਲੇਂਟ ਮੈਨੇਜਮੈਂਟ ਸਣੇ ਪਰਦੇ ਪਿਛਲੀਆਂ ਹੋਰ ਭੂਮਿਕਾਵਾਂ ਵਿੱਚ ਕੁੜੀਆਂ ਦੀ ਗਿਣਤੀ ਵਧੇ ਤਾਂ ਮਨੋਰੰਜਨ ਜਗਤ ਵਿੱਚ ਕੁੜੀਆਂ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੀਆਂ ਅਤੇ ਫ਼ਿਲਮਾਂ ਤੇ ਗੀਤਾਂ ਦੇ ਵਿਸ਼ੇ ਵੀ ਵਧੇਰੇ ਸੰਜੀਦਾ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)

admin

admin

Content creator at LTD News. Passionate about delivering high-quality news and stories.

Comments

Leave a Comment

Be the first to comment on this article!
Loading...

Loading next article...

You've read all our articles!

Error loading more articles

loader