ਸਾਲ 1680 ਵਿੱਚ ਔਰੰਗਜ਼ੇਬ ਆਪਣੀ ਲੌ-ਲਸ਼ਕਰ ਨਾਲ ਦੱਖਣੀ ਭਾਰਤ ਵੱਲ ਕੂਚ ਕਰ ਗਏ, ਇੱਕ ਵਿਸ਼ਾਲ ਫੌਜ, ਪੂਰਾ ਹਰਮ ਅਤੇ ਇੱਕ ਪੁੱਤਰ ਨੂੰ ਛੱਡ ਕੇ ਉਸਦੇ ਤਿੰਨੋਂ ਪੁੱਤਰ ਉਨ੍ਹਾਂ ਦੇ ਨਾਲ ਗਏ।
ਔਰੰਗਜ਼ੇਬ ਦੀ ਜੀਵਨੀ 'ਔਰੰਗਜ਼ੇਬ, ਦਿ ਮੈਨ ਐਂਡ ਦਿ ਮਿਥ' ਵਿੱਚ ਲੇਖਕ ਆਡਰੀ ਟਰੂਸ਼ਕੇ ਲਿਖਦੇ ਹਨ, "ਸ਼ਾਮਿਆਨਿਆਂ ਨਾਲ ਅੱਗੇ ਵਧਦਾ ਲਸ਼ਕਰ, ਬਾਜ਼ਾਰ, ਬਾਦਸ਼ਾਹ ਦਾ ਕਾਰਵਾਂ, ਉਨ੍ਹਾਂ ਦੇ ਨਾਲ ਚੱਲਦੇ ਅਧਿਕਾਰੀਆਂ ਅਤੇ ਨੌਕਰਾਂ ਦੀ ਪੂਰਾ ਹਜੂਮ, ਇਹ ਇੱਕ ਦੇਖਣ ਲਾਇਕ ਨਜ਼ਾਰਾ ਹੁੰਦਾ ਸੀ।"
"ਔਰੰਗਜ਼ੇਬ ਪੁਰਾਣੀ ਮੁਗਲ ਪਰੰਪਰਾ ਨੂੰ ਨਿਭਾ ਰਹੇ ਸਨ, ਜਿਸ ਅਨੁਸਾਰ ਰਾਜਧਾਨੀ ਹਮੇਸ਼ਾ ਬਾਦਸ਼ਾਹ ਦੇ ਨਾਲ ਚੱਲਦੀ ਸੀ, ਪਰ ਔਰੰਗਜ਼ੇਬ ਇਸ ਮਾਮਲੇ ਵਿੱਚ ਦੂਜੇ ਮੁਗਲ ਬਾਦਸ਼ਾਹਾਂ ਤੋਂ ਵੱਖਰੇ ਸਨ ਕਿ ਇੱਕ ਵਾਰ ਦੱਖਣ ਜਾਣ ਤੋਂ ਬਾਅਦ ਉਹ ਦੁਬਾਰਾ ਕਦੇ ਦਿੱਲੀ ਵਾਪਸ ਨਹੀਂ ਮੁੜੇ।"
ਉਨ੍ਹਾਂ ਦੇ ਜਾਣ ਤੋਂ ਬਾਅਦ ਦਿੱਲੀ ਉਜਾੜ ਅਤੇ ਵੀਰਾਨ ਹੋ ਗਈ ਅਤੇ ਲਾਲ ਕਿਲ੍ਹੇ ਦੀਆਂ ਕੰਧਾਂ 'ਤੇ ਧੂੜ ਦੀ ਇੱਕ ਮੋਟੀ ਪਰਤ ਜੰਮ ਗਈ।
ਬੁਢਾਪੇ ਵਿੱਚ ਇਕਲਾਪੇ ਦੇ ਸ਼ਿਕਾਰ
ਔਰੰਗਜ਼ੇਬ ਨੇ ਆਪਣੀ ਜ਼ਿੰਦਗੀ ਦੇ ਆਖਰੀ ਤਿੰਨ ਦਹਾਕੇ ਦੱਖਣੀ ਭਾਰਤ ਵਿੱਚ ਬਿਤਾਏ ਅਤੇ ਜ਼ਿਆਦਾਤਰ ਲੜਾਈਆਂ ਅਤੇ ਘੇਰਾਬੰਦੀਆਂ ਦੀ ਅਗਵਾਈ ਖੁਦ ਕੀਤੀ।
ਔਰੰਗਜ਼ੇਬ ਦੀ ਫੌਜ ਵਿੱਚ ਇੱਕ ਹਿੰਦੂ ਸਿਪਾਹੀ ਭੀਮਸੇਨ ਸਕਸੈਨਾ ਨੇ ਆਪਣੀ ਫ਼ਾਰਸੀ ਆਤਮਕਥਾ 'ਤਾਰੀਖ-ਏ-ਦਿਲਕੁਸ਼ਾ' ਵਿੱਚ ਲਿਖਿਆ ਹੈ, "ਮੈਂ ਇਸ ਦੁਨੀਆਂ ਦੇ ਲੋਕਾਂ ਨੂੰ ਬਹੁਤ ਲਾਲਚੀ ਪਾਇਆ ਹੈ। ਇਸ ਹੱਦ ਤੱਕ ਕਿ ਔਰੰਗਜ਼ੇਬ ਆਲਮਗੀਰ ਵਰਗਾ ਬਾਦਸ਼ਾਹ, ਜਿਸ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਕਿਲ੍ਹਿਆਂ ਨੂੰ ਜਿੱਤਣ ਲਈ ਉਤਸੁਕ ਸੀ। ਕੁਝ ਪੱਥਰਾਂ 'ਤੇ ਅਧਿਕਾਰ ਕਰਨ ਦੀ ਉਸਦੀ ਇੱਛਾ ਇੰਨੀ ਜ਼ਿਆਦਾ ਸੀ ਕਿ ਉਹ ਖੁਦ ਇਸ ਲਈ ਭੱਜ-ਦੌੜ ਕਰ ਰਿਹਾ ਸੀ।"
ਔਰੰਗਜ਼ੇਬ ਦੇ ਰਾਜ ਦਾ ਆਖਰੀ ਦੌਰ ਉਨ੍ਹਾਂ ਲਈ ਖੁਸ਼ਗਵਾਰ ਨਹੀਂ ਸੀ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਭਾਰਤ ਉੱਤੇ ਮਜ਼ਬੂਤੀ ਨਾਲ ਸ਼ਾਸਨ ਕਰਨ ਉਨ੍ਹਾਂ ਦੀ ਇੱਛਾ ਮਿੱਟੀ 'ਚ ਮਿਲ ਗਈ ਸੀ।
ਇਤਿਹਾਸਕਾਰ ਜਾਦੂਨਾਥ ਸਰਕਾਰ ਆਪਣੀ ਕਿਤਾਬ 'ਦਿ ਸ਼ਾਰਟ ਹਿਸਟਰੀ ਆਫ਼ ਔਰੰਗਜ਼ੇਬ' ਵਿੱਚ ਲਿਖਦੇ ਹਨ, "ਔਰੰਗਜ਼ੇਬ ਆਪਣੇ ਬੁਢਾਪੇ ਵਿੱਚ ਇਕਲਾਪੇ ਦਾ ਸ਼ਿਕਾਰ ਹੋ ਗਏ ਸਨ। ਇੱਕ-ਇੱਕ ਕਰਕੇ ਉਨ੍ਹਾਂ ਦੇ ਸਾਰੇ ਕਰੀਬੀ ਸਾਥੀ ਇਸ ਦੁਨੀਆਂ ਤੋਂ ਚਲੇ ਗਏ ਸਨ।''
''ਉਨ੍ਹਾਂ ਦੀ ਜਵਾਨੀ ਦਾ ਸਿਰਫ਼ ਇੱਕ ਸਾਥੀ, ਉਨ੍ਹਾਂ ਦੇ ਮੰਤਰੀ ਅਸਦ ਖਾਨ ਹੀ ਜ਼ਿੰਦਾ ਸਨ। ਜਦੋਂ ਉਹ ਆਪਣੇ ਦਰਬਾਰ 'ਚ ਨਜ਼ਰ ਮਾਰਦੇ ਸਨ ਤਾਂ ਉਨ੍ਹਾਂ ਨੂੰ ਹਰ ਪਾਸੇ ਕਾਇਰ, ਈਰਖਾਲੂ ਅਤੇ ਚਾਪਲੂਸ ਨੌਜਵਾਨ ਦਰਬਾਰੀ ਦਿਖਾਈ ਦਿੰਦੇ ਸਨ।"
ਪੁੱਤਰਾਂ ਵਿੱਚ ਪ੍ਰਤਿਭਾ ਦੀ ਘਾਟ
ਔਰੰਗਜ਼ੇਬ ਦੀ ਮੌਤ ਸਮੇਂ ਉਨ੍ਹਾਂ ਦੇ ਤਿੰਨ ਪੁੱਤਰ ਜ਼ਿੰਦਾ ਸਨ। ਉਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਭਾਰਤ ਦਾ ਰਾਜਾ ਬਣਨ ਦੀ ਨਾ ਤਾਂ ਹਿੰਮਤ ਸੀ ਅਤੇ ਨਾ ਹੀ ਯੋਗਤਾ।
18ਵੀਂ ਸਦੀ ਦੇ ਸ਼ੁਰੂ ਵਿੱਚ ਲਿਖੇ ਇੱਕ ਪੱਤਰ ਵਿੱਚ ਔਰੰਗਜ਼ੇਬ ਨੇ ਆਪਣੇ ਦੂਜੇ ਪੁੱਤਰ ਮੁਅੱਜ਼ਮ ਨੂੰ ਕੰਧਾਰ ਨਾ ਜਿੱਤ ਸਕਣ ਕਾਰਨ ਖੂਬ ਝਾੜ ਪਾਈ ਸੀ। ਔਰੰਗਜ਼ੇਬ ਦਾ ਇਹ ਪੱਤਰ 'ਰੁਕਾਯਤੇ ਆਲਮਗੀਰੀ' ਵਿੱਚ ਸੰਕਲਿਤ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਸੀ, 'ਇੱਕ ਨਾਲਾਇਕ ਪੁੱਤਰ ਨਾਲੋਂ ਚੰਗਾ ਹੈ ਧੀ ਹੋਣਾ।'
ਉਨ੍ਹਾਂ ਨੇ ਆਪਣੀ ਚਿੱਠੀ ਦੇ ਅੰਤ ਵਿੱਚ ਆਪਣੇ ਪੁੱਤਰ ਨੂੰ ਝਿੜਕਦਿਆਂ ਲਿਖਿਆ ਸੀ, "ਤੂੰ ਇਸ ਦੁਨੀਆਂ ਵਿੱਚ ਆਪਣੇ ਵਿਰੋਧੀਆਂ ਅਤੇ ਰੱਬ ਨੂੰ ਆਪਣਾ ਮੂੰਹ ਕਿਵੇਂ ਦਿਖਾਏਂਗਾ?"
ਔਰੰਗਜ਼ੇਬ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਦੇ ਪੁੱਤਰਾਂ ਵਿੱਚ ਵਾਰਿਸ ਬਣ ਸਕਣ ਦੀ ਕਾਬਲੀਅਤ ਨਾ ਹੋਣ ਲਈ ਔਰੰਗਜ਼ੇਬ ਆਪ ਹੀ ਜ਼ਿੰਮੇਵਾਰ ਸਨ।
ਇਤਿਹਾਸਕਾਰ ਮੁਨਿਸ ਫਾਰੂਕੀ ਨੇ ਆਪਣੀ ਕਿਤਾਬ 'ਦਿ ਪ੍ਰਿੰਸੇਸਿਸ ਆਫ਼ ਦਿ ਮੁਗਲ ਐਂਪਾਇਰ' ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਰਾਜਕੁਮਾਰਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇ ਕੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰ ਦਿੱਤਾ ਸੀ।
ਆਡਰੀ ਟਰੂਸ਼ਕੇ ਲਿਖਦੇ ਹਨ, "1700 ਈਸਵੀ ਆਉਂਦੇ-ਆਉਂਦੇ ਔਰੰਗਜ਼ੇਬ ਨੇ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਆਪਣੇ ਪੋਤਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਨਾਲ ਉਨ੍ਹਾਂ ਦੀ ਸਥਿਤੀ ਹੋਰ ਵੀ ਕਮਜ਼ੋਰ ਹੋ ਗਈ ਸੀ। ਔਰੰਗਜ਼ੇਬ ਕਈ ਵਾਰ ਆਪਣੇ ਪੁੱਤਰਾਂ ਨਾਲੋਂ ਆਪਣੇ ਦਰਬਾਰੀਆਂ ਨੂੰ ਵੀ ਜ਼ਿਆਦਾ ਮਹੱਤਵ ਦਿੰਦੇ ਸਨ। ਇਸਦੀ ਸਭ ਤੋਂ ਵੱਡੀ ਉਦਾਹਰਣ ਉਦੋਂ ਸੀ ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਅਸਦ ਖਾਨ ਅਤੇ ਫੌਜੀ ਕਮਾਂਡਰ ਜ਼ੁਲਫਿਕਾਰ ਖਾਨ ਨੇ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਕਾਮਬਖਸ਼ ਨੂੰ ਗ੍ਰਿਫਤਾਰ ਕਰ ਲਿਆ ਸੀ।"
ਕਾਮਬਖਸ਼ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਔਰੰਗਜ਼ੇਬ ਦੀ ਇਜਾਜ਼ਤ ਤੋਂ ਬਿਨਾਂ ਮਰਾਠਾ ਰਾਜਾ ਰਾਜਾਰਾਮ ਨਾਲ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਜਾਰਾਮ ਸ਼ਿਵਾਜੀ ਦੇ ਪੁੱਤਰ ਅਤੇ ਸੰਭਾਜੀ ਦੇ ਮਤਰੇਏ ਭਰਾ ਸਨ।
ਸਭ ਤੋਂ ਕਰੀਬੀ ਲੋਕਾਂ ਦੀ ਮੌਤ
ਬੁਢਾਪਾ ਹਾਵੀ ਹੋ ਰਿਹਾ ਸੀ ਅਤੇ ਔਰੰਗਜ਼ੇਬ ਦੀ ਨਿੱਜੀ ਜ਼ਿੰਦਗੀ ਹਨ੍ਹੇਰੀ ਹੁੰਦੀ ਜਾ ਰਹੀ ਸੀ।
ਮਾਰਚ 1705 ਵਿੱਚ ਗੁਜਰਾਤ ਵਿੱਚ ਉਨ੍ਹਾਂ ਦੀ ਨੂੰਹ ਜਹਾਂਜ਼ੇਬ ਬਾਨੋ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਬਾਗ਼ੀ ਪੁੱਤਰ ਅਕਬਰ-ਦੂਜੇ ਦੀ ਵੀ 1704 ਵਿੱਚ ਈਰਾਨ ਵਿੱਚ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ, ਸਾਲ 1702 ਵਿੱਚ ਉਨ੍ਹਾਂ ਦੀ ਕਵਿੱਤਰੀ ਧੀ ਜ਼ੇਬ-ਉਨ-ਨਿਸਾਂ ਦਾ ਵੀ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ, ਔਰੰਗਜ਼ੇਬ ਦੇ ਭੈਣ-ਭਰਾਵਾਂ ਵਿੱਚੋਂ ਇਕਲੌਤੀ ਬਚੀ ਗੌਹਰ ਆਰਾ ਦੀ ਮੌਤ ਹੋ ਗਈ।
ਔਰੰਗਜ਼ੇਬ ਨੂੰ ਇਸ ਦਾ ਬਹੁਤ ਧੱਕਾ ਲੱਗਿਆ ਸੀ। ਉਨ੍ਹਾਂ ਨੇ ਕਿਹਾ, 'ਸ਼ਾਹਜਹਾਂ ਦੇ ਬੱਚਿਆਂ ਵਿੱਚੋਂ, ਸਿਰਫ਼ ਉਹ ਅਤੇ ਮੈਂ ਹੀ ਜ਼ਿੰਦਾ ਬਚੇ ਸੀ।'
ਔਰੰਗਜ਼ੇਬ ਦੀਆਂ ਮੁਸੀਬਤਾਂ ਇੱਥੇ ਹੀ ਖਤਮ ਨਹੀਂ ਹੋਈਆਂ। 1706 ਵਿੱਚ ਹੀ ਉਨ੍ਹਾਂ ਦੀ ਧੀ ਮੇਹਰ-ਉਨ-ਨਿਸਾਂ ਅਤੇ ਜਵਾਈ ਇਜ਼ੀਦ ਬਖਸ਼ ਦੀ ਵੀ ਦਿੱਲੀ ਵਿੱਚ ਮੌਤ ਹੋ ਗਈ।
ਔਰੰਗਜ਼ੇਬ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ, ਉਨ੍ਹਾਂ ਦੇ ਪੋਤੇ ਬੁਲੰਦ ਅਖ਼ਤਰ ਨੇ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਉਨ੍ਹਾਂ ਦੇ ਦੋ ਹੋਰ ਪੋਤੇ ਮਰ ਗਏ ਸਨ ਪਰ ਉਨ੍ਹਾਂ ਦੇ ਦਰਬਾਰੀਆਂ ਨੇ ਉਨ੍ਹਾਂ ਨੂੰ ਖ਼ਬਰ ਇਹ ਸੋਚ ਕੇ ਨਹੀਂ ਦਿੱਤੀ ਕਿ ਇਸ ਨਾਲ ਔਰੰਗਜ਼ੇਬ ਨੂੰ ਬਹੁਤ ਝਟਕਾ ਲੱਗੇਗਾ।
ਸੋਕਾ ਅਤੇ ਪਲੇਗ
ਇਸ ਤੋਂ ਇਲਾਵਾ, ਉਸ ਸਮੇਂ ਦੱਖਣ ਵਿੱਚ ਪਏ ਸੋਕੇ ਨੇ ਵੀ ਔਰੰਗਜ਼ੇਬ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਸਨ।
ਔਰੰਗਜ਼ੇਬ ਦੇ ਸਮੇਂ ਭਾਰਤ ਆਉਣ ਵਾਲੇ ਇੱਕ ਇਟੈਲੀਅਨ ਯਾਤਰੀ ਨਿਕੋਲਾਓ ਮਨੂਚੀ ਨੇ ਆਪਣੀ ਕਿਤਾਬ 'ਸਟੋਰੀਆ ਦੋ ਮੋਗੋਰ' ਵਿੱਚ ਲਿਖਿਆ, "1702 ਅਤੇ 1704 ਦੇ ਵਿਚਕਾਰ ਦੱਖਣ ਵਿੱਚ ਬਿਲਕੁਲ ਵੀ ਮੀਂਹ ਨਹੀਂ ਪਿਆ। ਇਸ ਤੋਂ ਇਲਾਵਾ, ਪਲੇਗ ਦੀ ਮਹਾਂਮਾਰੀ ਵੀ ਫੈਲ ਗਈ। ਦੋ ਸਾਲਾਂ ਵਿੱਚ ਲਗਭਗ 20 ਲੱਖ ਲੋਕ ਮਾਰੇ ਗਏ। ਭੁੱਖਮਰੀ ਤੋਂ ਪਰੇਸ਼ਾਨ ਲੋਕ ਇੱਕ ਚੌਥਾਈ ਰੁਪਏ ਦੇ ਬਦਲੇ ਆਪਣੇ ਬੱਚਿਆਂ ਨੂੰ ਵੀ ਵੇਚਣ ਲਈ ਤਿਆਰ ਸਨ। ਪਰ ਉਨ੍ਹਾਂ ਦਾ ਵੀ ਕੋਈ ਖਰੀਦਦਾਰ ਨਹੀਂ ਸੀ।"
"ਮੌਤ ਤੋਂ ਬਾਅਦ, ਆਮ ਲੋਕਾਂ ਨੂੰ ਪਸ਼ੂਆਂ ਵਾਂਗ ਦਫ਼ਨਾਇਆ ਜਾਂਦਾ ਸੀ। ਦਫ਼ਨਾਉਣ ਤੋਂ ਪਹਿਲਾਂ, ਉਨ੍ਹਾਂ ਦੇ ਕੱਪੜਿਆਂ ਦੀ ਜਾਂਚ ਕੀਤੀ ਜਾਂਦੀ ਸੀ ਕਿ ਕੀ ਉਨ੍ਹਾਂ ਵਿੱਚ ਕੋਈ ਪੈਸਾ ਤਾਂ ਨਹੀਂ। ਫਿਰ ਉਨ੍ਹਾਂ ਦੇ ਪੈਰਾਂ ਨਾਲ ਰੱਸੀ ਬੰਨ੍ਹ ਦਿੱਤੀ ਜਾਂਦੀ ਸੀ ਅਤੇ ਲਾਸ਼ ਨੂੰ ਘੜੀਸ ਕੇ ਸਾਹਮਣੇ ਆਉਣ ਵਾਲੇ ਕਿਸੇ ਵੀ ਟੋਏ ਵਿੱਚ ਦੱਬ ਦਿੱਤਾ ਜਾਂਦਾ ਸੀ।"
ਮੈਨੂਚੀ ਲਿਖਦੇ ਹਨ, "ਕਈ ਵਾਰ ਉਸ ਨਾਲ ਫੈਲੀ ਬਦਬੂ ਕਾਰਨ ਮੈਨੂੰ ਉਲਟੀਆਂ ਆਉਂਦੀਆਂ ਸੀ। ਚਾਰੇ ਪਾਸੇ ਇੰਨੀਆਂ ਮੱਖੀਆਂ ਸਨ ਕਿ ਖਾਣਾ ਵੀ ਅਸੰਭਵ ਹੋ ਜਾਂਦਾ ਸੀ।"
ਮਨੂਚੀ ਦੇ ਸ਼ਬਦਾਂ ਵਿੱਚ, "ਉਹ ਆਪਣੇ ਪਿੱਛੇ ਰੁੱਖਾਂ ਅਤੇ ਫਸਲਾਂ ਤੋਂ ਸੱਖਣੇ ਖੇਤ ਛੱਡ ਗਏ। ਉਨ੍ਹਾਂ ਦੀ ਥਾਂ ਮਨੁੱਖਾਂ ਅਤੇ ਪਸ਼ੂਆਂ ਦੀਆਂ ਹੱਡੀਆਂ ਨੇ ਲੈ ਲਈ। ਪੂਰੇ ਇਲਾਕੇ ਦੀ ਆਬਾਦੀ ਇੰਨੀ ਘੱਟ ਹੋ ਗਈ ਸੀ ਕਿ ਤਿੰਨ ਜਾਂ ਚਾਰ ਦਿਨਾਂ ਦੀ ਯਾਤਰਾ ਦੌਰਾਨ ਕਿਤੇ ਵੀ ਅੱਗ ਜਾਂ ਰੌਸ਼ਨੀ ਨਹੀਂ ਦਿਖਾਈ ਦਿੰਦੀ ਸੀ।"
ਉਦੈਪੁਰੀ ਨੇ ਅੰਤ ਤੱਕ ਔਰੰਗਜ਼ੇਬ ਦਾ ਸਾਥ ਦਿੱਤਾ
ਆਪਣੇ ਆਖਰੀ ਦਿਨਾਂ ਵਿੱਚ, ਔਰੰਗਜ਼ੇਬ ਆਪਣੇ ਸਭ ਤੋਂ ਛੋਟੇ ਪੁੱਤਰ ਕਾਮਬਖਸ਼ ਦੀ ਮਾਂ, ਉਦੈਪੁਰੀ ਦੀ ਸੰਗਤ ਨੂੰ ਬਹੁਤ ਪਸੰਦ ਕਰਦੇ ਸਨ।
ਮੌਤ ਦੇ ਬਿਸਤਰੇ 'ਤੇ ਪਏ ਔਰੰਗਜ਼ੇਬ ਨੇ ਕਾਮਬਖ਼ਸ਼ ਨੂੰ ਲਿਖੇ ਆਪਣੇ ਪੱਤਰ ਕਿਹਾ ਹੈ ਉਨ੍ਹਾਂ ਦੀ ਬਿਮਾਰੀ ਦੌਰਾਨ ਉਦੈਪੁਰੀ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਹੈ ਅਤੇ ਮੌਤ 'ਚ ਵੀ ਉਹ ਉਨ੍ਹਾਂ ਦੇ ਨਾਲ ਹੀ ਜਾਵੇਗੀ।
ਹੋਇਆ ਵੀ ਬਿਲਕੁਲ ਇਹੀ। ਔਰੰਗਜ਼ੇਬ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਹੀ ਉਦੈਪੁਰੀ ਨੇ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਉੱਤਰ ਵਿੱਚ ਬਗਾਵਤ ਦੇ ਸੁਰ
ਅੰਤ ਵਿੱਚ ਔਰੰਗਜ਼ੇਬ ਨੇ ਅਹਿਮਦਨਗਰ ਨੂੰ ਆਪਣਾ ਡੇਰਾ ਬਣਾ ਲਿਆ ਸੀ।
ਸਟੈਨਲੀ ਲੇਨ-ਪੂਲ ਨੇ ਆਪਣੀ ਕਿਤਾਬ 'ਔਰੰਗਜ਼ੇਬ ਐਂਡ ਡੀ ਡਿਕੇ ਆਫ਼ ਦਿ ਮੁਗਲ ਐਂਪਾਇਰ' ਵਿੱਚ ਲਿਖਿਆ ਹੈ, "ਔਰੰਗਜ਼ੇਬ ਦੀ ਲੰਮੀ ਗੈਰਹਾਜ਼ਰੀ ਨੇ ਉੱਤਰ ਵਿੱਚ ਹਫੜਾ-ਦਫੜੀ ਫੈਲਾ ਦਿੱਤੀ ਸੀ। ਰਾਜਪੂਤਾਂ ਨੇ ਖੁੱਲ੍ਹ ਕੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ, ਆਗਰਾ ਦੇ ਨੇੜੇ ਜਾਟਾਂ ਨੇ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਮੁਲਤਾਨ ਦੇ ਆਲੇ-ਦੁਆਲੇ ਦੇ ਸਿੱਖਾਂ ਨੇ ਵੀ ਮੁਗਲ ਸਾਮਰਾਜ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਮੁਗਲ ਫੌਜ ਨਿਰਾਸ਼ ਮਹਿਸੂਸ ਕਰਨ ਲੱਗੀ ਸੀ। ਮਰਾਠਿਆਂ ਵਿੱਚ ਵੀ ਮੁਗਲ ਫੌਜ 'ਤੇ ਲੁਕਵੇਂ ਹਮਲੇ ਕਰਨ ਦੀ ਹਿੰਮਤ ਆ ਗਈ ਸੀ।"
ਔਰੰਗਜ਼ੇਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਇਸ ਡਰ ਕਾਰਨ ਦੂਰ ਭੇਜ ਦਿੱਤਾ ਸੀ ਕਿ ਕਿਤੇ ਉਹ ਵੀ ਉਨ੍ਹਾਂ ਦਾ ਉਹੀ ਹਾਲ ਨਾ ਕਰਨ ਜੋ ਉਨ੍ਹਾਂ ਨੇ ਆਪ ਆਪਣੇ ਪਿਤਾ ਸ਼ਾਹਜਹਾਂ ਦਾ ਕੀਤਾ ਸੀ।
ਇੱਕ ਹੋਰ ਇਤਿਹਾਸਕਾਰ ਅਬਰਾਹਿਮ ਇਰਾਲੀ ਨੇ ਆਪਣੀ ਕਿਤਾਬ 'ਦਿ ਮੁਗਲ ਥ੍ਰੋਨ ਦਿ ਸਾਗਾ ਆਫ਼ ਇੰਡੀਆਜ਼ ਗ੍ਰੇਟ ਐਮਪਰਰਜ਼' ਵਿੱਚ ਲਿਖਿਆ ਹੈ, "ਔਰੰਗਜ਼ੇਬ ਦੇ ਸ਼ਾਸਨ ਅਧੀਨ ਖੇਤਰੀ ਵਿਸਥਾਰ ਨੇ ਮੁਗਲ ਸ਼ਕਤੀ ਨੂੰ ਵਧਾਉਣ ਦੀ ਬਜਾਏ ਇਸ ਨੂੰ ਕਮਜ਼ੋਰ ਕਰ ਦਿੱਤਾ। ਉਨ੍ਹਾਂ ਦੇ ਸ਼ਾਸਨ ਅਧੀਨ, ਸਾਮਰਾਜ ਇੰਨਾ ਫੈਲ ਗਿਆ ਕਿ ਇਸ 'ਤੇ ਸ਼ਾਸਨ ਕਰਨਾ ਅਸੰਭਵ ਹੋ ਗਿਆ। ਸਾਮਰਾਜ ਆਪਣੇ ਹੀ ਭਾਰ ਹੇਠ ਦੱਬਿਆ ਗਿਆ। ਔਰੰਗਜ਼ੇਬ ਨੇ ਖੁਦ ਵੀ ਕਿਹਾ ਸੀ, ਅਜ਼ਮਾ-ਸਤ ਹਮਾਹ ਫਸਾਦ-ਏ-ਬਾਕੀ (ਭਾਵ ਮੇਰੇ ਤੋਂ ਬਾਅਦ ਅਰਾਜਕਤਾ)।"
ਔਰੰਗਜ਼ੇਬ ਦੀ ਬਿਮਾਰੀ
ਇਸ ਸਭ ਤੋਂ ਇਲਾਵਾ, ਔਰੰਗਜ਼ੇਬ ਦੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਸੀ।
ਮਨੂਚੀ ਨੇ ਲਿਖਿਆ ਹੈ, "ਰਾਜਗੱਦੀ ਦੇ ਦਾਅਵੇਦਾਰਾਂ ਵਿੱਚ ਬਾਦਸ਼ਾਹ ਦੇ ਪੁੱਤਰ ਸਨ ਜੋ ਖੁਦ ਬੁੱਢੇ ਹੋ ਚੱਲੇ ਸਨ। ਫਿਰ ਉਨ੍ਹਾਂ ਦੇ ਪੋਤਿਆਂ ਦਾ ਨੰਬਰ ਆਉਂਦਾ ਸੀ, ਜਿਨ੍ਹਾਂ ਦੀਆਂ ਦਾੜ੍ਹੀਆਂ ਵੀ ਚਿੱਟੀਆਂ ਹੋ ਗਈਆਂ ਸਨ ਅਤੇ ਉਹ 45 ਸਾਲ ਦੀ ਉਮਰ ਪਾਰ ਕਰ ਚੁੱਕੇ ਸਨ।''
''ਦਾਅਵੇਦਾਰਾਂ ਵਿੱਚ ਔਰੰਗਜ਼ੇਬ ਦੇ ਪੜਪੋਤੇ ਵੀ ਸਨ, ਜੋ 25 ਜਾਂ 27 ਸਾਲ ਦੇ ਹੋਣਗੇ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਔਰੰਗਜ਼ੇਬ ਦਾ ਉੱਤਰਾਧਿਕਾਰੀ ਹੋ ਸਕਦਾ ਸੀ। ਸੱਤਾ ਦੇ ਸੰਘਰਸ਼ ਵਿੱਚ, ਬਾਕੀਆਂ ਨੂੰ ਜਾਂ ਤਾਂ ਆਪਣੇ ਹੱਥ-ਪੈਰ ਕਟਵਾਉਣੇ ਪੈਂਦੇ ਜਾਂ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣੇ ਪੈਂਦੇ।"
1705 ਵਿੱਚ ਔਰੰਗਜ਼ੇਬ ਨੇ ਵਾਗਿਨਜੇਰਾ ਦੇ ਮਰਾਠਾ ਕਿਲ੍ਹੇ ਨੂੰ ਜਿੱਤਣ ਤੋਂ ਬਾਅਦ ਕ੍ਰਿਸ਼ਨਾ ਨਦੀ ਦੇ ਨੇੜੇ ਇੱਕ ਪਿੰਡ ਵਿੱਚ ਡੇਰਾ ਲਗਾਇਆ ਤਾਂ ਜੋ ਉਨ੍ਹਾਂ ਦੀਆਂ ਫੌਜਾਂ ਕੁਝ ਸਮਾਂ ਆਰਾਮ ਕਰ ਸਕਣ।
ਇੱਥੇ ਹੀ ਔਰੰਗਜ਼ੇਬ ਬਿਮਾਰ ਹੋ ਗਏ। ਉਸੇ ਸਾਲ ਉਹ ਦਿੱਲੀ ਜਾਣ ਦੇ ਇਰਾਦੇ ਨਾਲ ਅਕਤੂਬਰ ਵਿੱਚ ਅਹਿਮਦਨਗਰ ਵੱਲ ਵਧੇ ਪਰ ਇਹ ਉਨ੍ਹਾਂ ਦਾ ਆਖਰੀ ਪੜਾਅ ਸਾਬਤ ਹੋਇਆ।
14 ਜਨਵਰੀ, 1707 ਨੂੰ, 89 ਸਾਲਾ ਬਾਦਸ਼ਾਹ ਮੁੜ ਬਿਮਾਰ ਹੋ ਗਏ। ਕੁਝ ਦਿਨਾਂ ਦੇ ਅੰਦਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਅਤੇ ਉਨ੍ਹਾਂ ਨੇ ਦੁਬਾਰਾ ਆਪਣਾ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ।
ਪਰ ਇਸ ਵਾਰ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਕੋਲ ਬਹੁਤਾ ਸਮਾਂ ਨਹੀਂ ਬਚਿਆ ਸੀ। ਉਨ੍ਹਾਂ ਦੇ ਪੁੱਤਰ ਆਜ਼ਮ ਦੀ ਵਧਦੀ ਬੇਸਬਰੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ।
ਪੁੱਤਰਾਂ ਨੂੰ ਲਿਖੀ ਚਿੱਠੀ
ਜਾਦੂਨਾਥ ਸਰਕਾਰ ਲਿਖਦੇ ਹਨ, "ਚਾਰ ਦਿਨਾਂ ਬਾਅਦ ਉਨ੍ਹਾਂ ਨੇ ਆਜ਼ਮ ਨੂੰ ਮਾਲਵਾ ਦਾ ਗਵਰਨਰ ਬਣਾ ਕੇ ਭੇਜ ਦਿੱਤਾ। ਪਰ ਚਲਾਕ ਸ਼ਹਿਜ਼ਾਦੇ ਨੇ ਇਹ ਜਾਣਦੇ ਹੋਏ ਕਿ ਉਨ੍ਹਾਂ ਦੇ ਪਿਤਾ ਦਾ ਅੰਤ ਨੇੜੇ ਹੈ, ਨੇ ਜਾਣ ਦੀ ਜਲਦੀ ਨਹੀਂ ਕੀਤੀ ਅਤੇ ਕਈ ਥਾਵਾਂ 'ਤੇ ਰੁਕਦਾ ਹੋਇਆ ਅੱਗੇ ਵਧਿਆ।''
''ਆਪਣੇ ਪੁੱਤਰ ਨੂੰ ਭੇਜਣ ਤੋਂ ਚਾਰ ਦਿਨਾਂ ਬਾਅਦ ਬਾਦਸ਼ਾਹ ਨੂੰ ਤੇਜ਼ ਬੁਖਾਰ ਹੋ ਗਿਆ, ਪਰ ਇਸਦੇ ਬਾਵਜੂਦ ਉਨ੍ਹਾਂ ਨੇ ਦਰਬਾਰ ਵਿੱਚ ਆਉਣ ਦੀ ਜ਼ਿੱਦ ਕੀਤੀ ਅਤੇ ਉਸ ਹਾਲਤ ਵਿੱਚ ਵੀ ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਦੇ ਰਹੇ।"
ਆਪਣੇ ਆਖਰੀ ਦਿਨਾਂ ਵਿੱਚ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਦੋ ਚਿੱਠੀਆਂ ਲਿਖੀਆਂ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਮੈਂ ਚਾਹੁੰਦਾ ਹਾਂ ਕਿ ਤੁਹਾਡੇ ਦੋਵਾਂ ਵਿਚਕਾਰ ਸੱਤਾ ਲਈ ਲੜਾਈ ਨਾ ਹੋਵੇ। ਪਰ ਫਿਰ ਵੀ ਮੈਂ ਦੇਖ ਸਕਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਬਹੁਤ ਸਾਰਾ ਖੂਨ-ਖਰਾਬਾ ਹੋਵੇਗਾ। ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਅੰਦਰ ਆਪਣੇ ਲੋਕਾਂ ਲਈ ਕੰਮ ਕਰਨ ਦੀ ਇੱਛਾ ਪੈਦਾ ਕਰਨ ਅਤੇ ਸ਼ਾਸਨ ਕਰਨ ਦੀ ਯੋਗਤਾ ਪੈਦਾ ਕਰਨ।"
3 ਮਾਰਚ, 1707 ਨੂੰ ਔਰੰਗਜ਼ੇਬ ਆਪਣੇ ਸੌਣ ਵਾਲੇ ਕਮਰੇ ਵਿੱਚੋਂ ਬਾਹਰ ਨਿਕਲੇ।
ਜਾਦੂਨਾਥ ਸਰਕਾਰ ਲਿਖਦੇ ਹਨ, "ਔਰੰਗਜ਼ੇਬ ਨੇ ਸਵੇਰ ਦੀ ਨਮਾਜ਼ ਪੜ੍ਹੀ ਅਤੇ ਆਪਣੀ ਤਸਬੀਹ (ਮਾਲਾ) ਦੇ ਮਣਕੇ ਗਿਣਨੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ, ਉਹ ਬੇਹੋਸ਼ ਹੋਣ ਲੱਗੇ ਅਤੇ ਉਨ੍ਹਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ। ਪਰ ਸਰੀਰ ਕਮਜ਼ੋਰ ਹੋਣ ਦੇ ਬਾਵਜੂਦ, ਤਸਬੀਹ ਦੇ ਮਣਕੇ ਉਨ੍ਹਾਂ ਦੀਆਂ ਉਂਗਲਾਂ ਤੋਂ ਨਹੀਂ ਛੁੱਟੇ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਸ਼ੁੱਕਰਵਾਰ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਅੰਤ ਵਿੱਚ ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ।"
ਮਰਨ ਤੋਂ ਪਹਿਲਾਂ, ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਬਿਨਾਂ ਕਿਸੇ ਤਾਬੂਤ ਦੇ ਕਿਸੇ ਨੇੜਲੇ ਸਥਾਨ 'ਤੇ ਦਫ਼ਨਾਇਆ ਜਾਵੇ।
ਔਰੰਗਜ਼ੇਬ ਦੀ ਮੌਤ ਤੋਂ ਦੋ ਦਿਨ ਬਾਅਦ ਉਨ੍ਹਾਂ ਦਾ ਪੁੱਤਰ ਆਜ਼ਮ ਉੱਥੇ ਪਹੁੰਚ ਗਿਆ। ਸ਼ੋਕ ਮਨਾਉਣ ਅਤੇ ਆਪਣੀ ਭੈਣ ਜ਼ੀਨਤ-ਉਨ-ਨਿਸਾਂ ਬੇਗਮ ਨੂੰ ਦਿਲਾਸਾ ਦੇਣ ਤੋਂ ਬਾਅਦ, ਉਹ ਆਪਣੇ ਪਿਤਾ ਦੀ ਲਾਸ਼ ਨੂੰ ਕੁਝ ਦੂਰੀ 'ਤੇ ਲੈ ਗਏ।
ਉਸ ਤੋਂ ਬਾਅਦ, ਔਰੰਗਜ਼ੇਬ ਦੀ ਦੇਹ ਨੂੰ ਦੌਲਤਾਬਾਦ ਦੇ ਨੇੜੇ ਖੁੱਲਦਾਬਾਦ ਵਿੱਚ ਸੂਫੀ ਸੰਤ ਸ਼ੇਖ ਜ਼ੈਨ-ਉਦ-ਦੀਨ ਦੀ ਕਬਰ ਦੇ ਕੋਲ ਦਫ਼ਨਾਇਆ ਗਿਆ।
ਔਰੰਗਜ਼ੇਬ 89 ਸਾਲ ਦੀ ਉਮਰ ਤੱਕ ਜ਼ਿੰਦਾ ਰਹੇ, ਜਾਦੂਨਾਥ ਸਰਕਾਰ ਲਿਖਦੇ ਹਨ, "ਔਰੰਗਜ਼ੇਬ ਦੀ ਯਾਦਦਾਸ਼ਤ ਬਹੁਤ ਚੰਗੀ ਸੀ। ਇੱਕ ਵਾਰ ਜਦੋਂ ਉਹ ਕਿਸੇ ਦਾ ਚਿਹਰਾ ਦੇਖ ਲੈਂਦੇ ਸਨ ਤਾਂ ਉਹ ਇਸ ਨੂੰ ਕਦੇ ਨਹੀਂ ਭੁੱਲਦੇ ਸਨ।''
''ਇੰਨਾ ਹੀ ਨਹੀਂ, ਉਨ੍ਹਾਂ ਨੂੰ ਲੋਕਾਂ ਵੱਲੋਂ ਕਿਹਾ ਗਿਆ ਹਰ ਸ਼ਬਦ ਯਾਦ ਰਹਿੰਦਾ ਸੀ। ਆਪਣੇ ਆਖਰੀ ਦਿਨਾਂ ਵਿੱਚ, ਉਨ੍ਹਾਂ ਨੂੰ ਇੱਕ ਕੰਨ ਤੋਂ ਸੁਣਨ ਵਿੱਚ ਮੁਸ਼ਕਲ ਆਉਣ ਲੱਗੀ ਸੀ ਅਤੇ ਉਨ੍ਹਾਂ ਦੀ ਸੱਜੀ ਲੱਤ ਵਿੱਚ ਵੀ ਕੁਝ ਸਮੱਸਿਆ ਸੀ ਜਿਸ ਕਾਰਨ ਉਹ ਥੋੜ੍ਹਾ ਕੰਬਣ ਲੱਗ ਪਏ ਸਨ।"
ਔਰੰਗਜ਼ੇਬ ਦੇ ਪੁੱਤਰਾਂ ਵਿਚਕਾਰ ਜੰਗ
ਭਾਵੇਂ ਔਰੰਗਜ਼ੇਬ ਨੇ ਸ਼ਾਹ ਆਲਮ ਯਾਨੀ ਮੁਅੱਜ਼ਮ ਨੂੰ ਆਪਣਾ ਉਤਰਾਧਿਕਾਰੀ ਬਣਾਇਆ ਸੀ, ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ, ਪਰ ਆਜ਼ਮ ਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਤੁਰੰਤ ਬਾਅਦ ਉੱਥੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਦਿੱਤਾ।
ਫਿਰ ਉਸ ਨੇ ਆਗਰਾ ਵੱਲ ਕੂਚ ਕੀਤਾ ਤਾਂ ਜੋ ਉਸਦੀ ਬਾਦਸ਼ਾਹਤ ਨੂੰ ਰਸਮੀ ਤੌਰ 'ਤੇ ਮਾਨਤਾ ਮਿਲ ਸਕੇ।
ਮਨੂਚੀ ਲਿਖਦੇ ਹਨ, "ਦੂਜੇ ਪਾਸੇ, ਸ਼ਾਹ ਆਲਮ ਵੀ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਆਗਰਾ ਵੱਲ ਕੂਚ ਕਰ ਗਿਆ। ਉਹ ਆਪਣੇ ਭਰਾ ਆਜ਼ਮ ਤੋਂ ਪਹਿਲਾਂ ਆਗਰਾ ਪਹੁੰਚ ਗਿਆ, ਜਿੱਥੇ ਲੋਕਾਂ ਨੇ ਉਸਦਾ ਜ਼ੋਰਦਾਰ ਸਵਾਗਤ ਕੀਤਾ।''
''ਦੋਵਾਂ ਭਰਾਵਾਂ ਦੀਆਂ ਫੌਜਾਂ ਵਿਚਕਾਰ ਜਜਾਊ ਵਿੱਚ ਮੁਕਾਬਲਾ ਹੋਇਆ। ਇਸੇ ਥਾਂ 'ਤੇ ਕਈ ਸਾਲ ਪਹਿਲਾਂ ਔਰੰਗਜ਼ੇਬ ਅਤੇ ਉਨ੍ਹਾਂ ਦੇ ਭਰਾ ਦਾਰਾ ਸ਼ਿਕੋਹ ਵਿਚਕਾਰ ਜੰਗ ਹੋਈ ਸੀ। ਸ਼ਾਹ ਆਲਮ ਇਸ ਲੜਾਈ ਵਿੱਚ ਜੇਤੂ ਰਿਹਾ ਅਤੇ ਅਗਲੇ ਦਿਨ, 20 ਜੂਨ ਨੂੰ ਉਸਨੇ ਆਪਣੇ ਪਿਤਾ ਦੀ ਗੱਦੀ ਸੰਭਾਲੀ।"
ਮੁਗਲ ਸਾਮਰਾਜ ਦਾ ਪਤਨ
ਹਾਰੇ ਹੋਏ ਆਜ਼ਮ ਸ਼ਾਹ ਨੇ ਆਪਣੇ ਭਰਾ ਸ਼ਾਹ ਆਲਮ ਦੇ ਹੱਥ ਆਉਣ ਤੋਂ ਪਹਿਲਾਂ ਹੀ ਇੱਕ ਕਟਾਰ ਨਾਲ ਖੁਦਕੁਸ਼ੀ ਕਰ ਲਈ।
ਔਰੰਗਜ਼ੇਬ ਦੀ ਮੌਤ ਤੋਂ ਪੰਜ ਸਾਲ ਬਾਅਦ, 1712 ਵਿੱਚ ਸ਼ਾਹ ਆਲਮ ਦੀ ਵੀ ਮੌਤ ਵੀ ਹੋ ਗਈ।
1712 ਤੋਂ 1719 ਤੱਕ ਦੇ ਸੱਤ ਸਾਲਾਂ ਦਰਮਿਆਨ, ਚਾਰ ਮੁਗਲ ਬਾਦਸ਼ਾਹ ਇੱਕ ਤੋਂ ਬਾਅਦ ਇੱਕ ਭਾਰਤ ਦੇ ਤਖਤ ਤੇ ਬੈਠੇ, ਜਦਕਿ ਪਿਛਲੇ 150 ਸਾਲਾਂ ਵਿੱਚ ਸਿਰਫ ਚਾਰ ਮੁਗਲ ਬਾਦਸ਼ਾਹਾਂ ਨੇ ਭਾਰਤ ਤੇ ਰਾਜ ਕੀਤਾ ਸੀ।
ਹੌਲੀ-ਹੌਲੀ ਮੁਗਲ ਰਾਜਵੰਸ਼ ਦਾ ਪੁਰਾਣਾ ਰੁਤਬਾ ਅਲੋਪ ਹੋਣ ਲੱਗਾ।
ਜਾਦੁਨਾਥ ਸਰਕਾਰ ਲਿਖਦੇ ਹਨ, "ਆਪਣੀਆਂ ਸਾਰੀਆਂ ਉਪਲੱਭਧੀਆਂ ਦੇ ਬਾਵਜੂਦ, ਔਰੰਗਜ਼ੇਬ ਰਾਜਨੀਤਿਕ ਤੌਰ 'ਤੇ ਅਸਫਲ ਬਾਦਸ਼ਾਹ ਸੀ। ਉਨ੍ਹਾਂ ਤੋਂ ਬਾਅਦ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਸਿਰਫ਼ ਉਨ੍ਹਾਂ ਦੀ ਨਿੱਜੀ ਸ਼ਖਸੀਅਤ ਨਹੀਂ ਸੀ। ਸ਼ਾਇਦ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਿਰਫ਼ ਉਨ੍ਹਾਂ ਕਾਰਨ ਮੁਗਲਾਂ ਦਾ ਪਤਨ ਹੋਇਆ। ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਉਸ ਪਤਨ ਨੂੰ ਰੋਕਣ ਲਈ ਕੁਝ ਨਹੀਂ ਕੀਤਾ।"
1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਮੁਗਲ ਸਾਮਰਾਜ ਆਪਣੇ ਪੁਰਾਣੇ ਦਿਨਾਂ ਦੇ ਸੁਪਨਿਆਂ ਵਿੱਚ ਹੀ ਜਿਉਂਦਾ ਰਿਹਾ ਅਤੇ ਲਗਭਗ 150 ਸਾਲ ਕਿਸੇ ਤਰ੍ਹਾਂ ਜਿਉਂਦਾ ਰਹਿਣ ਤੋਂ ਬਾਅਦ, 1857 ਵਿੱਚ ਬਹਾਦਰ ਸ਼ਾਹ ਜ਼ਫਰ ਦੇ ਨਾਲ ਉਸ ਦਾ ਅੰਤ ਹੋ ਗਿਆ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
Comments
Leave a Comment